ਆਸਥਾ, ਇਤਿਹਾਸ ਅਤੇ ਕਰਮਕਾਂਡ ਦਾ ਸੰਗਮ – ਪਿਹੋਵਾ ਦੇ ਪੰਡਿਤ ਗੰਗਾਰਾਮ ਜੀ ਗੱਦੀ ਦੀ ਵਿਸ਼ੇਸ਼ ਰਿਪੋਰਟ ਅਕਾਲ ਮੌਤ ਤੋਂ ਬਾਅਦ ਮੋਖ ਦਾ ਪਾਵਨ ਸਥਾਨ – ਪਿਹੋਵਾ ਵਿੱਚ ਸਦੀਆਂ ਤੋਂ ਜਾਰੀ ਪਿੰਡਦਾਨ ਪਰੰਪਰਾ
ਪਿਹੋਵਾ (ਹਰਿਆਣਾ)/ਦਲਜੀਤ ਅਜਨੋਹਾ
ਪ੍ਰਾਚੀਨ ਧਾਰਮਿਕ ਨਗਰੀ ਪਿਹੋਵਾ ਵਿਖੇ ਸਥਿਤ ਪਵਿੱਤਰ ਸਰਸਵਤੀ ਤੀਰਥ ‘ਤੇ ਮੌਜੂਦ ਗੰਗਾਰਾਮ ਜੀ ਦੀ ਗੱਦੀ ਵਿੱਚ ਆਧਿਆਤਮਿਕ ਅਤੇ ਇਤਿਹਾਸਕ ਪਰੰਪਰਾਵਾਂ ਦੀ ਗੂੰਜ ਅੱਜ ਵੀ ਸੁਣਾਈ ਦਿੰਦੀ ਹੈ। ਇਸ ਪਾਵਨ ਧਾਮ ‘ਤੇ ਦੀਪਕ ਸ਼ਾਸਤਰੀ ਸਰਸਵਤੀ ਤੀਰਥ ਦੇ ਮੁੱਖ ਪੁਰੋਹਿਤ ਨਾਲ ਸੀਨੀਅਰ ਪੱਤਰਕਾਰ ਦਲਜੀਤ ਅਜ਼ਨੋਹਾ ਨੇ ਵਿਸ਼ੇਸ਼ ਮੁਲਾਕਾਤ ਕਰਕੇ ਇੱਥੋਂ ਦੇ ਇਤਿਹਾਸ, ਪ੍ਰਾਚੀਨ ਰਿਵਾਜਾਂ ਅਤੇ ਕਰਮਕਾਂਡ ਦੀ ਵਿਧੀ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ।
ਮੁੱਖ ਪੁਰੋਹਿਤ ਨੇ ਦੱਸਿਆ ਕਿ ਇਹ ਤੀਰਥ ਸਥਾਨ ਆਦਿਕਾਲ ਤੋਂ ਅਕਾਲ ਮੌਤ ਪ੍ਰਾਪਤ ਵਿਅਕਤੀਆਂ ਦੀ ਆਤਮਾ ਦੀ ਸ਼ਾਂਤੀ ਅਤੇ ਮੁਕਤੀ ਲਈ ਪ੍ਰਸਿੱਧ ਹੈ। ਇੱਥੇ ਪਿੰਡਦਾਨ ਅਤੇ ਸ਼ਰਾਧ ਕਰਮ ਦੀ ਪਰੰਪਰਾ ਸਦੀਆਂ ਤੋਂ ਚੱਲਦੀ ਆ ਰਹੀ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਵਿਧੀਵਤ ਕਰਮਕਾਂਡ ਕਰਵਾਉਣ ਨਾਲ ਮ੍ਰਿਤਕ ਆਤਮਾ ਨੂੰ ਗਤੀ ਅਤੇ ਮੋਖ ਪ੍ਰਾਪਤ ਹੁੰਦਾ ਹੈ।
ਧਾਰਮਿਕ ਕਥਾਵਾਂ ਅਨੁਸਾਰ, ਤ੍ਰੇਤਾ ਯੁਗ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਨੇ ਆਪਣੇ ਪਿਤਾ ਰਾਜਾ ਦਸ਼ਰਥ ਦੀ ਅਕਾਲ ਮੌਤ ਤੋਂ ਬਾਅਦ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਇਸ ਪਵਿੱਤਰ ਤੀਰਥ ‘ਤੇ ਸ਼ਰਾਧ ਕਰਮ ਕੀਤਾ ਸੀ। ਇਹ ਪ੍ਰਸੰਗ ਰਮਾਇਣ ਨਾਲ ਜੋੜਿਆ ਜਾਂਦਾ ਹੈ। ਉਸ ਸਮੇਂ ਤੋਂ ਇੱਥੇ ਪਿੰਡਦਾਨ ਅਤੇ ਸ਼ਰਾਧ ਦੀ ਰਸਮ ਨਿਰੰਤਰ ਚੱਲਦੀ ਆ ਰਹੀ ਹੈ। ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇਸ ਤੀਰਥ ਦੀ ਵਿਸ਼ੇਸ਼ ਮਹਿਮਾ ਕਾਰਨ ਇੱਥੇ ਕੀਤੇ ਕਰਮਕਾਂਡ ਦਾ ਫਲ ਕਈ ਗੁਣਾ ਵੱਧ ਮਿਲਦਾ ਹੈ।
ਇੱਕ ਹੋਰ ਪੌਰਾਣਿਕ ਕਥਾ ਅਨੁਸਾਰ, ਦਵਾਪਰ ਯੁਗ ਵਿੱਚ ਰਾਜਾ ਦਸ਼ਰਥ ਪਾਂਡਵਾਂ ਨੂੰ ਇਸ ਧਾਮ ‘ਤੇ ਲੈ ਕੇ ਆਏ ਸਨ, ਤਾਂ ਜੋ ਮਹਾਭਾਰਤ ਯੁੱਧ ਵਿੱਚ ਮਾਰੇ ਗਏ ਕੌਰਵਾਂ ਦੀ ਆਤਮਾ ਦੀ ਸ਼ਾਂਤੀ ਲਈ ਵਿਧੀ ਅਨੁਸਾਰ ਕਰਮਕਾਂਡ ਕਰਵਾਇਆ ਜਾ ਸਕੇ। ਇਸ ਪ੍ਰਸੰਗ ਨਾਲ ਇਸ ਤੀਰਥ ਦੀ ਮਹੱਤਾ ਹੋਰ ਵੀ ਵੱਧ ਜਾਂਦੀ ਹੈ।
ਮੁੱਖ ਪੁਰੋਹਿਤ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆਪਣੇ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਲਈ ਪਿੰਡਦਾਨ ਅਤੇ ਸ਼ਰਾਧ ਕਰਵਾਉਣ ਆਉਂਦੇ ਹਨ। ਖਾਸ ਤੌਰ ‘ਤੇ ਅਮਾਵੱਸ, ਪਿਤ੍ਰ ਪੱਖ ਅਤੇ ਹੋਰ ਧਾਰਮਿਕ ਮੌਕਿਆਂ ‘ਤੇ ਇੱਥੇ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ।
ਸੀਨੀਅਰ ਪੱਤਰਕਾਰ ਦਲਜੀਤ ਅਜ਼ਨੋਹਾ ਨੇ ਕਿਹਾ ਕਿ ਇਸ ਤੀਰਥ ਦੀ ਇਤਿਹਾਸਕ ਅਤੇ ਆਧਿਆਤਮਿਕ ਪਿਛੋਕੜ ਸਮਾਜ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ। ਉਨ੍ਹਾਂ ਇਸਨੂੰ ਭਾਰਤੀ ਸੰਸਕ੍ਰਿਤੀ ਅਤੇ ਸਨਾਤਨ ਪਰੰਪਰਾ ਦਾ ਜੀਵੰਤ ਪ੍ਰਤੀਕ ਕਰਾਰ ਦਿੱਤਾ।
ਪਿਹੋਵਾ ਦਾ ਇਹ ਪ੍ਰਾਚੀਨ ਸਰਸਵਤੀ ਤੀਰਥ ਸਿਰਫ ਧਾਰਮਿਕ ਆਸਥਾ ਦਾ ਕੇਂਦਰ ਹੀ ਨਹੀਂ, ਸਗੋਂ ਸਾਡੀ ਪੌਰਾਣਿਕ ਵਿਰਾਸਤ ਅਤੇ ਸੰਸਕ੍ਰਿਤੀ ਦੀ ਅਨਮੋਲ ਧਰੋਹਰ ਵੀ ਹੈ, ਜੋ ਅੱਜ ਵੀ ਸ਼ਰਧਾ, ਵਿਸ਼ਵਾਸ ਅਤੇ ਪਰੰਪਰਾ ਨਾਲ ਅੱਗੇ ਵੱਧ ਰਹੀ ਹੈ।
Comments
Post a Comment