ਪੰਜਾਬ ਦਾ ਬਜਟ ਦਲਿਤਾਂ, ਪਛੜਿਆਂ ਅਤੇ ਗਰੀਬਾਂ ਨਾਲ ਕੋਝਾ ਮਜ਼ਾਕ - ਕਰੀਮਪੁਰੀ*'ਪੰਜਾਬ ਸੰਭਾਲੋ ਮੁਹਿੰਮ' ਤਹਿਤ ਬਸਪਾ ਕਰੇਗੀ ਸੱਤਾ ਤਬਦੀਲੀ ਦਾ ਆਗਾਜ਼
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਅਤੇ ਕੇਂਦਰੀ ਇਨਚਾਰਜ ਚੰਡੀਗੜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਨੂੰ 'ਦਿਸ਼ਾਹੀਣ' ਅਤੇ 'ਲੋਕ ਵਿਰੋਧੀ' ਕਰਾਰ ਦਿੱਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਡਾ. ਕਰੀਮਪੁਰੀ ਨੇ ਕਿਹਾ ਕਿ ਇਹ ਬਜਟ ਕੇਵਲ ਅੰਕੜਿਆਂ ਦੀ ਜਾਦੂਗਰੀ ਹੈ, ਜਿਸ ਵਿੱਚ ਸੂਬੇ ਦੇ ਦਲਿਤ, ਪਛੜੇ ਵਰਗ ਅਤੇ ਮਜ਼ਦੂਰਾਂ ਦੇ ਸ਼ਕਤੀਕਰਨ ਲਈ ਕੋਈ ਠੋਸ ਨੀਤੀ ਨਹੀਂ ਹੈ।
ਕਰੀਮਪੁਰੀ ਨੇ ਬਸਪਾ ਵਲੋੰ ਸੱਤਾ ਸੰਭਾਲੋ ਬਹਿਰਾਮ ਰੈਲੀ ਦੀ ਸਫਲਤਾ ਲਈ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਜੋ ਚੋਣਾਂ ਤੱਕ ਔਰਤਾਂ ਦੇ ਖਾਤਿਆਂ 'ਚ ਇਕ ਹਜਾਰ ਅਤੇ 1500 ਰੁਪਏ ਪਾਉਣ ਦਾ ਐਲਾਨ ਕੀਤਾ ਇਹ ਔਰਤਾਂ ਨਾਲ ਧੋਖਾ ਹੈ ਕਿਉਂਕਿ ਚਾਰ ਸਾਲ ਬੀਤਣ ਤੋਂ ਬਾਅਦ ਸਿਰਫ ਇਲੈਕਸ਼ਨ ਦੇ ਵਰ੍ਹੇ ਦੌਰਾਨ ਵੋਟਾਂ ਲੁੱਟਣ ਦੀ ਰਣਨੀਤੀ ਤਹਿਤ ਇਹ ਐਲਾਨ ਕੀਤਾ ਗਿਆ ਹੈ ਜਦਕਿ ਸਰਕਾਰ ਨੂੰ ਪਹਿਲਾਂ ਪਿਛਲੇ ਚਾਰ ਸਾਲ ਦਾ ਹਿਸਾਬ ਦੇਣਾ ਚਾਹੀਦਾ ਹੈ। ਉਨਾਂ ਕਿਹਾ ਪੰਜਾਬ ਦੀਆਂ ਮਾਵਾਂ ਦੇ ਪੁੱਤ ਡਰੱਗ ਮਾਫੀਏ ਰਾਹੀਂ ਮਾਰੇ ਗਏ ਪਰ ਆਮ ਆਦਮੀ ਸਰਕਾਰ ਦੀਆਂ ਨੀਤੀਆਂ ਅਤੇ ਐਲਾਨ ਕੇਵਲ ਲੁੱਟਣ ਦੀ ਨੀਤੀ ਤੇ ਨੀਅਤ ਨਾਲ ਕੀਤੇ ਜਾ ਰਹੇ ਹਨ ਜਿਸਨੂੰ ਬਸਪਾ ਕਿਸੇ ਕੀਮਤ ਤੇ ਸਫਲ ਨਹੀਂ ਹੋਣ ਦੇਵੇਗੀ।
ਡਾ. ਕਰੀਮਪੁਰੀ ਨੇ ਕਿਹਾ ਕਿ ਸਰਕਾਰ ਨੇ ਬਹੁਜਨ ਸਮਾਜ ਦੇ ਆਰਥਿਕ ਅਤੇ ਸਮਾਜਿਕ ਸ਼ਕਤੀਕਰਨ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕੀਤਾ ਹੈ, ਦਲਿਤਾਂ ਲਈ ਪੰਜਾਬ ਦੀ ਸਰਕਾਰ ਜਿਹਨੇ ਬਜਟ ਦੇ ਪੇਜ ਨੰਬਰ 67 ਤੇ 35.23% ਬਜਟ ਰੱਖਣ ਦਾ ਦਾਅਵਾ ਕੀਤਾ ਜਦਕਿ ਕੁੱਲ ਰਕਮ 17700 ਕਰੋੜ ਹੈ 35% ਦੇ ਹਿਸਾਬ ਨਾਲ 92 ਹਜਾਰ ਕਰੋੜ ਦੇ ਕਰੀਬ ਬਜਟ ਬਣਦਾ ਹੈ, ਪੰਜਾਬ ਸਰਕਾਰ ਦੇ ਬਜਟ ਵਿੱਚ ਪਿਛਲੇ ਬਜਟ ਦੀ ਤਰਾਂ ਫਿਰ ਦਲਿਤਾਂ ਨਾਲ ਧੋਖਾ ਕੀਤਾ ਗਿਆ ਹੈ ਕਿ ਉਹਨਾਂ ਦਾ 65 ਹਜਾਰ ਕਰੋੜ ਸਰਕਾਰ ਕਾਗਜਾਂ ਵਿੱਚ ਹੀ ਖਾ ਗਈ। ਕਰੀਮਪੁਰੀ ਨੇ ਕਿਹਾ ਬਸਪਾ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ,ਪੋਸਟ-ਮੈਟ੍ਰਿਕ ਸਕਾਲਰਸ਼ਿਪ ਅਤੇ ਭਲਾਈ ਸਕੀਮਾਂ ਲਈ ਰੱਖਿਆ ਗਿਆ ਬਜਟ ਊਠ ਦੇ ਮੂੰਹ ਵਿੱਚ ਜੀਰੇ ਦੇ ਸਮਾਨ ਹੈ।ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚ ਧੱਕ ਰਹੀ ਹੈ, ਜਿਸ ਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਗਰੀਬ ਵਰਗ 'ਤੇ ਪੈ ਰਿਹਾ ਹੈ। ਬਜਟ ਵਿੱਚ ਬੇਰੁਜ਼ਗਾਰ ਨੌਜਵਾਨਾਂ ਲਈ ਸਥਾਈ ਰੁਜ਼ਗਾਰ ਦਾ ਕੋਈ ਖਾਕਾ ਨਹੀਂ ਉਲੀਕਿਆ ਗਿਆ, ਜੋ ਕਿ ਬਹੁਤ ਮੰਦਭਾਗਾ ਹੈ। ਸਰਕਾਰ ਬਜਟ ਵਿੱਚ ਛੋਲੇ,ਹਲਦੀ, ਨਮਕ, ਤੇਲ ਕਿੰਨਾ ਦਿੱਤਾ ਜਾਊਗਾ ਇਹ ਤਾਂ ਦੱਸ ਰਹੀ ਹੈ, ਪ੍ਰੰਤੂ ਸਕੂਲਾਂ ਚ ਅਧਿਆਪਕ ਕਿੰਨੇ ਦਿੱਤੇ ਜਾਣਗੇ ਇਸਦੇ ਬਾਰੇ ਖਾਮੋਸ਼ ਹੈ, ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਗਰੀਬਾਂ ਦੇ ਘਰਾਂ ਚ ਭਿਖਾਰੀ ਪੈਦਾ ਕਰਨਾ ਚਾਹੁੰਦੀ ਹੈ ਅਧਿਕਾਰੀ ਨਹੀਂ। ਕਰੀਮਪੁਰੀ ਨੇ ਕਿਹਾ ਬਸਪਾ ਪੰਜਾਬੀਆਂ ਨੂੰ ਸੱਦਾ ਦਿੰਦੀ ਹੈ ਕਿ ਅਧਿਕਾਰੀ ਪੈਦਾ ਕਰਨ ਲਈ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਨਾਲ ਖੜੇ ਹੋਣ।
ਡਾ. ਕਰੀਮਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਬਸਪਾ ਵੱਲੋਂ ਵਿੱਢੀ ਗਈ 'ਪੰਜਾਬ ਸੰਭਾਲੋ ਮੁਹਿੰਮ' ਸਮੇਂ ਦੀ ਮੁੱਖ ਲੋੜ ਬਣ ਗਈ ਹੈ ਹੁਣ ਸਮਾਂ ਆ ਗਿਆ ਹੈ ਕਿ ਬਹੁਜਨ ਸਮਾਜ ਆਪਣੀ ਤਾਕਤ ਨੂੰ ਪਛਾਣੇ। ਅਸੀਂ ਕੇਵਲ ਮੰਗਣ ਵਾਲੇ ਨਹੀਂ, ਸਗੋਂ 'ਸ਼ਾਸਕ' ਬਣਨ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ। 'ਸੱਤਾ ਪ੍ਰਾਪਤ ਕਰੋ' ਦੇ ਨਾਅਰੇ ਹੇਠ ਬਸਪਾ ਪੰਜਾਬ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਕਰੀਮਪੁਰੀ ਨੇ ਐਲਾਨ ਕੀਤਾ ਕਿ ਪਾਰਟੀ ਇਸ ਬਜਟ ਦੀਆਂ ਨਾਕਾਮੀਆਂ ਨੂੰ ਲੋਕ ਕਚਹਿਰੀ ਵਿੱਚ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਸਲ ਵਿਕਾਸ ਲਈ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਅਤੇ ਸ੍ਰੀ ਕਾਂਸ਼ੀ ਰਾਮ ਦੇ ਸੁਪਨਿਆਂ ਵਾਲੀ ਸਰਕਾਰ ਸਥਾਪਿਤ ਕਰਨਾ ਹੀ ਬਸਪਾ ਦਾ ਮੁੱਖ ਟੀਚਾ ਹੈ।
Comments
Post a Comment