ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਵਚਨਬੱਧ: ਪ੍ਰੀਤ ਕੋਹਲੀ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਯੁਵਕ ਸੇਵਾਵਾਂ ਵਿਭਾਗ, ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦਾ ਅਸਲੀ ਸਰਮਾਇਆ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨਾ ਸਮਾਜ ਅਤੇ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਹੈ। ਇਹ ਗੱਲ ਉਨ੍ਹਾਂ ਨੇ ਸਮਾਜ ਸੇਵੀ ਸੰਜੀਵ ਕੁਮਾਰ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਹੀ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨੌਜਵਾਨਾਂ ਦੇ ਸਮੱਗਰੀਕ ਵਿਕਾਸ ਲਈ ਕਈ ਪ੍ਰੋਗਰਾਮ ਅਤੇ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ, ਖੇਡ ਮੁਕਾਬਲੇ ਅਤੇ ਜਾਗਰੂਕਤਾ ਅਭਿਆਨ ਸ਼ਾਮਲ ਹਨ, ਜੋ ਨੌਜਵਾਨਾਂ ਨੂੰ ਸਹੀ ਮਾਰਗ ਤੇ ਲੈ ਜਾਣ ਵਿੱਚ ਸਹਾਇਕ ਸਾਬਤ ਹੋ ਰਹੇ ਹਨ।
ਪ੍ਰੀਤ ਕੋਹਲੀ ਨੇ ਕਿਹਾ ਕਿ ਵਿਭਾਗ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਸੱਭਿਆਚਾਰਕ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨਾ, ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਕ ਬੁਰਾਈਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਦੇ ਅੰਦਰ ਲੁਕੇ ਹੋਏ ਹੁਨਰਾਂ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਜਾਗਰੂਕਤਾ ਅਤੇ ਸੱਭਿਆਚਾਰਕ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਦੀ ਬਹੁਤ ਲੋੜ ਹੈ, ਤਾਂ ਜੋ ਉਹ ਆਪਣੀ ਊਰਜਾ ਨੂੰ ਸਕਾਰਾਤਮਕ ਕੰਮਾਂ ਵਿੱਚ ਲਗਾ ਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਸਕਣ। ਵਿਭਾਗ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨਵੀਂ ਪਹਿਲਾਂ ਕੀਤੀਆਂ ਜਾਣਗੀਆਂ।
ਪ੍ਰੀਤ ਕੋਹਲੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਹੁਨਰਾਂ ਨੂੰ ਨਿਖਾਰ ਕੇ ਸਮਾਜ ਵਿੱਚ ਇਕ ਮਿਸਾਲ ਬਣਨ।

Comments