ਸਿਹਤ ਵਿਭਾਗ ਵੱਲੋਂ ਮੈਟਰਨਲ ਡੈਥ ਰੀਵਿਊ ਮੀਟਿੰਗ ਆਯੋਜਿਤ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ- ਸਿਵਲ ਸਰਜਨ ਡਾ ਮਨਦੀਪ ਹਾਈ ਰਿਸਕ ਗਰਭਵਤੀਆਂ ਦਾ ਰੱਖਿਆ ਜਾਵੇ ਖਾਸ ਖਿਆਲ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜੱਚਾ-ਬੱਚਾ ਸਿਹਤ ਸੇਵਾਵਾਂ ਅਧੀਨ ਗਰਭਵਤੀ ਮਹਿਲਾਵਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਮਾਤਰੀ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ ਅੱਜ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਮੈਟਰਨਲ ਡੈਥ ਰੀਵਿਊ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਪ੍ਰਧਾਨਗੀ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਹਾਰਟਾ ਬਡਲਾ ਦੇ ਪਿੰਡ ਅਜੜਾਮ ਦੀ ਮਾਤਰੀ ਮੌਤ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।
ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਮਾਤਰੀ ਮੌਤਾਂ ਨੂੰ ਰੋਕਣ ਲਈ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਸਾਰੇ ਲੋੜੀਂਦੇ ਟੈਸਟ ਨਿਰਧਾਰਿਤ ਸਮੇਂ ਅੰਦਰ ਕਰਵਾਏ ਜਾਣ ਅਤੇ ਜਰੂਰਤ ਅਨੁਸਾਰ ਉਚਿਤ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮਹੀਨੇ ਦੌਰਾਨ ਜਣੇਪੇ ਵਾਲੀਆਂ ਗਰਭਵਤੀ ਔਰਤਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਜਾਵੇ ਅਤੇ ਆਸ਼ਾ ਵਰਕਰਾਂ ਅਤੇ ਏਐਨਐਮ ਵੱਲੋਂ ਉਨ੍ਹਾਂ ਦੀ ਨਿਰੰਤਰ ਫਾਲੋਅਪ ਕੀਤੀ ਜਾਵੇ ਤਾਂ ਜੋ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਤੁਰੰਤ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ। ਸਿਵਲ ਸਰਜਨ ਨੇ ਸਮੂਹ ਮੈਡੀਕਲ ਅਫਸਰਾਂ ਤੇ ਫੀਲਡ ਸਟਾਫ਼ ਨੂੰ ਹਿਦਾਇਤ ਕੀਤੀ ਕਿ ਗਰਭਵਤੀ ਔਰਤਾਂ ਵਿਚ ਖੂਨ ਦੀ ਘਾਟ ਨਾ ਆਉਣ ਦਿੱਤੀ ਜਾਵੇ,ਇਸਦੇ ਲਈ ਏਐਨਐਮਜ਼ ਵਲੋਂ ਆਇਰਨ ਤੇ ਫੋਲਿਕ ਐਸਿਡ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ।
ਇਸ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਪੋਸਟ ਮਾਰਟਮ ਹੈਮਰੇਜ ਮੌਤਾਂ ਨੂੰ ਕਾਫੀ ਹੱਦ ਤਕ ਰੋਕਿਆ ਜਾ ਸਕਦਾ ਹੈ। ਡਾਕਟਰਾਂ ਵੱਲੋਂ ਦੂਸਰੀ ਅਤੇ ਤੀਸਰੀ ਤਿਮਾਹੀ ਵਾਲੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਘੱਟੋ-ਘੱਟ ਇੱਕ ਜਣੇਪਾ ਪੂਰਵ ਜਾਂਚ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਵੀ ਹਿਦਾਇਤ ਕੀਤੀ ਕਿ ਹਰੇਕ ਮਹੀਨੇ ਦੀ 9 ਅਤੇ 23 ਤਰੀਖ ਨੂੰ ਲੱਗਣ ਵਾਲੇ ਪ੍ਰਧਾਨਮੰਤਰੀ ਮਾਤ੍ਰਤਵ ਸੁਰੱਖਿਆ ਯੋਜਨਾ ਅਧੀਨ ਲੱਗਣ ਵਾਲੇ ਕੈਂਪਾਂ ਚ ਹਾਈ ਰਿਸਕ ਗਰਭਵਤੀ ਦਾ ਖਾਸ ਧਿਆਨ ਰਖਿਆ ਜਾਵੇ। ਉਨ੍ਹਾਂ ਨੇ ਪੈਰਾ ਮੈਡੀਕਲ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਮਰੀਜ਼ ਨੂੰ ਫੈਮਿਲੀ ਪਲਾਨਿੰਗ ਬਾਰੇ ਜ਼ਰੂਰ ਮੋਟਿਵੇਟ ਕੀਤਾ ਜਾਵੇ।
ਉਨ੍ਹਾਂ ਨੇ ਸਪਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਹਰ ਗਰਭਵਤੀ ਔਰਤ ਦੇ ਜਣੇਪੇ ਦੀ ਪਹਿਲਾਂ ਹੀ ਯੋਜਨਾ (Birth Planning) ਏਐਨਐਮ ਵੱਲੋਂ ਤਿਆਰ ਕੀਤੀ ਜਾਵੇ। ਕਿਸੇ ਵੀ ਹਾਲਤ ਵਿੱਚ ਘਰ ਵਿੱਚ ਡਿਲਿਵਰੀ ਨਾ ਹੋਵੇ ਅਤੇ ਸਾਰੀਆਂ ਡਿਲਿਵਰੀਆਂ 100 ਫੀਸਦੀ ਸੰਸਥਾਗਤ ਤੌਰ ‘ਤੇ ਹੀ ਕਰਵਾਈਆਂ ਜਾਣ। ਆਸ਼ਾ ਵਰਕਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਹ ਗਰਭਵਤੀ ਔਰਤਾਂ ਦੇ ਨਾਲ ਚੈਕਅਪ ਅਤੇ ਜਣੇਪੇ ਸਮੇਂ ਸਿਹਤ ਸੰਸਥਾਵਾਂ ਵਿੱਚ ਜ਼ਰੂਰ ਹਾਜ਼ਰ ਰਹਿਣ।
ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਹਰ ਗਰਭਵਤੀ ਮਹਿਲਾ ਨੂੰ ਸਭ ਤੋਂ ਪਹਿਲਾਂ ਅਤੇ ਜਲਦੀ ਤੋਂ ਜਲਦੀ ਸਿਹਤ ਸੰਸਥਾ ਵਿੱਚ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ, ਐਚਬੀ, ਥਾਇਰਾਇਡ, ਹੈਪੈਟਾਇਟਿਸ, ਐਲਐਫਟੀ, ਸਕੈਨ, ਈਸੀਜੀ ਆਦਿ ਸਾਰੇ ਮਹੱਤਵਪੂਰਨ ਟੈਸਟ ਸਮੇਂ ਸਿਰ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਸੰਭਾਵਿਤ ਜਟਿਲਤਾਵਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਮੇਂ ਰਹਿੰਦਿਆਂ ਉਪਚਾਰ ਕੀਤਾ ਜਾ ਸਕੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਹਾਈ ਰਿਸਕ ਗਰਭਵਤੀ ਮਹਿਲਾਵਾਂ ਲਈ ਪਹਿਲਾਂ ਹੀ ਜਣੇਪੇ ਦਾ ਪਲਾਨ ਤਿਆਰ ਕਰਕੇ ਉਨ੍ਹਾਂ ਨੂੰ ਉਹਨਾਂ ਸਿਹਤ ਸੰਸਥਾਵਾਂ ਵਿੱਚ ਭੇਜਿਆ ਜਾਵੇ ਜਿੱਥੇ ਸਾਰੇ ਲੋੜੀਂਦੇ ਸਾਧਨ ਅਤੇ ਮਾਹਿਰ ਸਹੂਲਤਾਂ ਉਪਲਬਧ ਹੋਣ। ਇਸ ਦੇ ਨਾਲ, ਭਾਵੇਂ ਗਰਭਵਤੀ ਮਹਿਲਾ ਪ੍ਰਾਈਵੇਟ ਇਲਾਜ ਕਰਵਾ ਰਹੀ ਹੋਵੇ, ਉਸਦਾ ਵੀ ਸਰਕਾਰੀ ਸਿਹਤ ਵਿਭਾਗ ਵੱਲੋਂ ਲਗਾਤਾਰ ਫਾਲੋਅਪ ਕੀਤਾ ਜਾਵੇ।
ਮੀਟਿੰਗ ਦੌਰਾਨ ਸਿਹਤ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਏਐਨਸੀ (Antenatal Care) ਅਤੇ ਪੋਸਟ ਨੇਟਲ ਚੈਕਅਪ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਪਛਾਣ, ਪੂਰਵ ਯੋਜਨਾ, ਲਗਾਤਾਰ ਨਿਗਰਾਨੀ ਅਤੇ ਤੁਰੰਤ ਉਪਚਾਰ ਹੀ ਮਾਤਰੀ ਮੌਤ ਦਰ ਘਟਾਉਣ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਦਮ ਸਾਬਤ ਹੋ ਸਕਦੇ ਹਨ।
ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾਕਟਰ ਜਤਿੰਦਰ ਭਾਟੀਆ,ਡਾਕਟਰ ਮੰਜਰੀ ਗਾਈਨਾਕੋਲੋਜਿਸਟ, ਤਰਸੇਮ ਲਾਲ ਜ਼ਿਲਾ ਮਾਸ ਮੀਡੀਆ ਅਫ਼ਸਰ, ਸੰਬਧਤ ਬਲਾਕਾਂ ਤੋ ਫੀਲਡ ਸਟਾਫ ਤੇ ਹੋਰ ਸੰਬੰਧਿਤ ਮੈਡੀਕਲ ਅਤੇ ਪੈਰਾਂ ਮੈਡੀਕਲ ਸਟਾਫ ਹਾਜ਼ਰ ਸੀ।
Comments
Post a Comment