ਧੱਕੇ ਤੇ ਧੋਖੇ ਨਾਲ ਕਿਰਤੀ ਲੋਕਾਂ ਦੇ ਹੱਕ ਖੋਹਣ ਵਾਲੀਆਂ ਸਰਕਾਰਾਂ ਦਾ ਵਿਰੋਧ ਹੀ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸੱਚੀ ਸ਼ਰਧਾਂਜ਼ਲੀ/ਤਲਵਿੰਦਰ ਹੀਰ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਜਦੋਂ ਸਰਕਾਰਾਂ ਆਪਣੀਂ ਜ਼ਿੰਮੇਵਾਰੀ ਨਿਭਾਉਣ 'ਚ ਨਾਕਾਮ ਹੋ ਜਾਵਣ ਤਾਂ ਵਿਰੋਧ ਤੇ ਸੰਘਰਸ਼ ਦਾ ਰਾਹ ਹੀ ਲੋਕਾਂ ਨੂੰ ਰਾਹਤ ਪਹੁੰਚਾਂਦਾ ਹੈ।ਮੌਜੂਦਾ ਸਮੇਂ ਲੱਕ ਤੋੜਵੀਂ ਮਹਿੰਗਾਈ, ਬੇਰੁਜਗਾਰੀ ਤੇ ਭ੍ਰਿਸ਼ਟਾਚਾਰ ਦੀ ਚੱਕੀ ਚ ਪਿਸ ਰਹੇ ਲੋਕਾਂ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਸੱਚੀ ਸਰਧਾਂਜ਼ਲੀ ਅਰਪਿਤ ਕਰਨਹਿੱਤ ਨਿਕੰਮੀਆਂ ਸਰਕਾਰਾਂ ਵਿਰੁੱਧ ਨਿਰੰਤਰ ਯੋਜਨਾਬੱਧ ਸੰਘਰਸ਼ ਕਰਨ ਪਵੇਗਾ।।ਹਾਲਾਤ ਬਦਲਣ ਲਈ ਸਰਮਾਏਦਾਰਾਂ ਦੀਆਂ ਸਰਪ੍ਰਸਤ ਸਰਕਾਰਾਂ ਦਾ ਡੱਟਵਾਂ ਵਿਰੋਧ ਸਮੇਂ ਦੀ ਮੁੱਖ ਲੋੜ ਹੈ ਜਿਸ ਦੇ ਲਈ ਸਮੂਹ ਵਰਗਾਂ ਦੇ ਦੱਬੇ ਕੁੱਚਲੇ ਲੋਕਾਂ ਨੂੰ ਏਕਾ ਕਰਕੇ ਮੈਦਾਨ ਵਿੱਚ ਜੂਝਣਾਂ ਪੈਣਾਂ ਤਾਂ ਹੀ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਮਿਲ ਸਕੇਗੀ ਨਹੀਂ ਤਾਂ ਲੋਕਾਂ ਨੂੰ ਗੁਲਾਮਾਂ ਤੋਂ ਵੀ ਭੈੜ੍ਹੀ ਜੂਨ ਹੰਢਾਉਣੀ ਪਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਤੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲ੍ਹਾੜੀਆਂ ਨੇ ਕੀਤਾ।ਮਹਿਜ਼ 23 ਸਾਲ ਦੀ ਉਮਰ 'ਚ ਜਿੰਦੜੀ ਦੇਸ਼ ਤੋਂ ਕੁਰਬਾਨ ਕਰਨ ਵਾਲਾ ਮਹਾਨ ਯੋਧਾ ਤੇ ਦੂਰ ਦ੍ਰਿਸ਼ਟੀ ਭਰਪੂਰ ਚਿੰਤਕ ਭਗਤ ਸਿੰਘ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਤੋਂ ਭਲੀਭਾਂਤ ਜਾਣੂ ਤੇ ਚਿੰਤਤ ਸੀ ਉਸ ਨੇ ਆਪਣੀਆਂ ਵੱਖ ਵੱਖ ਲਿਖਤਾਂ ਤੇ ਭਾਸ਼ਣਾਂ ਰਾਹੀਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਮੁਕੰਮਲ ਖ਼ਾਤਮੇ ਦੀ ਗੱਲ ਵਾਰ ਵਾਰ ਦੁਹਰਾਈ ਤੇ ਦੇਸ਼ ਦੇ ਲੋਕਾਂ ਨੂੰ ਆਪਣੇ ਹੱਕਾਂ ਖਾਤਰ ਲੜ੍ਹਨ ਦੀ ਵਿਧੀ ਸਮਝਾਈ।ਪਰ ਬੜੇ ਦੁੱਖ ਨਾਲ ਕਹਿਣਾਂ ਪੈ ਰਿਹਾ ਹੈ ਕਿ ਕਿਸੇ ਵੀ ਸਰਕਾਰ ਨੇ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਨਹੀਂ ਸਮਝੀ ਸਗੋਂ ਉਨ੍ਹਾਂ ਦੀ ਯਾਦ ਤੱਕ ਦਫ਼ਨਾਉਣ ਲਈ ਯਤਨ ਕੀਤੇ ਗਏ।ਭਾਰਤ ਦੇ ਕੌਮੀ ਨਾਇਕ,ਵਿਲੱਖਣ ਇਨਕਲਾਬੀ ਤੇ ਮਹਾਨ ਯੋਧੇ ਯੁੱਗ ਪੁਰਸ਼ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਜ਼ਬਰ ਜ਼ੁਲਮ ਵਿਰੁੱਧ ਲੜ੍ਹਨ ਵਾਲੇ ਲੋਕਾਂ ਨੂੰ ਰਾਹ ਦਰਸਾਉਂਦੀ ਰਹੇਗੀ।ਸਹੀਦ-ਏ-ਆਜ਼ਮ ਨੇ ਸਰਮਾਏਦਾਰੀ ਨੂੰ ਮਨੁੱਖਤਾ ਲਈ ਭਿਅੰਕਰ ਖ਼ਤਰਾ ਐਲਾਨਿਆ ਸੀ।ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜ਼ਲੀ ਇਹੀ ਹੋਵੇਗੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਦੇਸ਼ ਨੂੰ ਫੁੱਟ ਪਾਊ ਫਿਰਕਾਪ੍ਰਸਤ ਤਾਕਤਾਂ ਤੋਂ ਬਚਾਈਏ ਤੇ ਆਪਣੇਂ ਮਹਾਨ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੱਬੇ ਕੁਚਲੇ ਲੋਕਾਂ ਦੇ ਸੱਚੇ ਸਾਥੀ ਬਣਕੇ ਲੜੀਏ ਤੇ ਜਾਨੋਂ ਪਿਆਰਾ ਦੇਸ਼ ਤੇ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੇ ਦੇ ਰਾਹ ਪਾਈਏ।ਸਰਕਾਰਾਂ ਵਲੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਤੇ ਸਿਰਫ਼ ਸਿਆਸੀ ਰੋਟੀਆਂ ਸੇਕਣ ਲਈ ਕੀਤੇ ਜਾ ਰਹੇ ਡਰਾਮਿਆਂ ਦੀ ਅਸਲੀਅਤ ਤੋਂ ਕਿਰਤੀ ਲੋਕਾਂ ਨੂੰ ਸੁਚੇਤ ਕਰਕੇ ਇਨ੍ਹਾਂ ਦੇ ਵਿਛਾਏ ਭਰਮਜਾਲਾਂ 'ਚ ਫਸਣੋਂ ਬਚਾਈਏ।

Comments