ਚੱਬੇਵਾਲ ਹਲਕੇ ਦੇ ਸਰਬਪੱਖੀ ਵਿਕਾਸ ਲਈ ਹਾਂ ਵਚਨਬੱਧ - ਡਾ ਇਸ਼ਾਂਕ ਜਿਆਣ ਪਿੰਡ ਦੇ ਵਸਨੀਕਾਂ ਅਤੇ ਪੰਚਾਇਤ ਨੇ ਵਿਕਾਸ ਕਾਰਜਾਂ ਸੰਬੰਧੀ ਚੱਬੇਵਾਲ ਦਫ਼ਤਰ ਵਿਖੇ ਵਿਧਾਇਕ ਨਾਲ ਕੀਤੀ ਮੁਲਾਕਾਤ




ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪਿੰਡ ਜਿਆਣ ਦੇ ਪੰਚਾਇਤ ਮੈਂਬਰਾਂ ਅਤੇ ਮੋਹਤਬਰ ਵਸਨੀਕਾਂ ਨੇ ਚੱਬੇਵਾਲ ਵਿਖੇ ਵਿਧਾਇਕ ਡਾ. ਇਸ਼ਾਂਕ ਕੁਮਾਰ ਦੇ ਦਫ਼ਤਰ ਵਿੱਚ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਹੋਰ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਵਿਧਾਇਕ ਨੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਸਾਰੇ ਕੰਮ ਸਮੇਂ ਸਿਰ ਪੂਰੇ ਕਰਨ ਦਾ ਭਰੋਸਾ ਦਿੱਤਾ।

ਇਸ ਦੌਰਾਨ ਦੱਸਿਆ ਗਿਆ ਕਿ ਪਿੰਡ ਜਿਆਣ ਵਿੱਚ ਲਗਭਗ ₹40 ਲੱਖ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਚੱਲ ਰਿਹਾ ਹੈ। ਇਸ ਵਿੱਚੋਂ ਪਹਿਲਾਂ ₹24 ਲੱਖ ਜਾਰੀ ਕੀਤੇ ਜਾ ਚੁੱਕੇ ਸਨ, ਜਦਕਿ ਬਾਕੀ ₹16 ਲੱਖ ਵਿਚੋਂ ਹੁਣ ₹8 ਲੱਖ ਹੋਰ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਕਮ ਵੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ, ਤਾਂ ਜੋ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ।

ਪਿੰਡ ਵਾਸੀਆਂ ਨੇ ₹9 ਲੱਖ ਦੀ ਲਾਗਤ ਨਾਲ ਲਗਾਏ ਗਏ ਸਿੰਚਾਈ ਟਿਊਬਵੈੱਲ ਲਈ ਵਿਧਾਇਕ ਦਾ ਧੰਨਵਾਦ ਕੀਤਾ, ਜਿਸ ਨਾਲ ਪਿੰਡ ਦੇ ਕਿਸਾਨਾਂ ਨੂੰ ਕਾਫ਼ੀ ਲਾਭ ਮਿਲੇਗਾ। ਇਸ ਤੋਂ ਇਲਾਵਾ, ਸਟੇਡੀਅਮ, ਧਰਮਸ਼ਾਲਾ, ਛੱਪੜ ਆਦਿ ਦੇ ਵਿਕਾਸ ਕਾਰਜਾਂ ਲਈ ਲਗਭਗ 27 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ, ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ 2.22 ਕਰੋੜ ਰੁਪਏ ਦੀ ਲਾਗਤ ਨਾਲ ਜਿਆਣ ਦੇ ਸੜਕ ਸੰਪਰਕ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿਆਣ ਦੇ ਆਲੇ-ਦੁਆਲੇ ਸੜਕਾਂ ਦਾ ਇੱਕ ਨੈੱਟਵਰਕ ਜਿਸ ਵਿੱਚ ਮੰਡੀ ਜਿਆਣ ਤੱਕ 1.15 ਕਿਲੋਮੀਟਰ ਦੀ ਪਹੁੰਚ ਸੜਕ, ਹੁਸ਼ਿਆਰਪੁਰ ਗੜ੍ਹਸ਼ੰਕਰ ਸੜਕ ਤੋਂ ਜਿਆਣ 0.57 ਕਿਲੋਮੀਟਰ, ਜਿਆਣ ਤੋਂ ਹੁਸ਼ਿਆਰਪੁਰ ਚੰਡੀਗੜ੍ਹ ਸੜਕ 0.37 ਕਿਲੋਮੀਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਅਤੇ ਕਨੈਕਟਿਵਿਟੀ ਵਿੱਚ ਵੱਡਾ ਸੁਧਾਰ ਆਵੇਗਾ।

ਵਿਧਾਇਕ ਨੇ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਹ ਵਚਨਬੱਧ ਹਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰਦੇ ਰਹਿਣਗੇ।

Comments