ਪ੍ਰਸ਼ਾਸ਼ਨ ਖਣਨ ਮਾਫੀਏ ਦੇ ਵੱਡੇ ਮਗਰਮੱਛਾਂ ਦੀ ਸਰਪ੍ਰਸਤੀ ਕਰਨੀ ਛੱਡੇ,ਪੀੜ੍ਹਤਾਂ ਨੂੰ ਇਨਸਾਫ਼,ਸਰਕਾਰੀ ਸਹਾਇਤਾ ਦੇਵੇ: ਤਲਵਿੰਦਰ ਹੀਰ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਲੋਕਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ
ਪਿੰਡ ਰਾਮਪੁਰ ਸੈਣੀਆਂ ਦੇ ਇਨਸਾਫ਼ਪਸੰਦ ਲੋਕਾਂ ਵਲੋਂ ਗ੍ਰਾਮ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਤੇ ਸਹਿਮਤੀ ਨਾਲ ਖਣਨ ਮਾਫੀਏ ਦੇ ਓਵਰਲੋਡਡ ਟਿੱਪਰਾਂ ਦੇ ਦਿਨ ਵੇਲੇ ਲਾਂਘੇ ਤੇ ਲਾਏ ਡਿਪਟੀ ਕਮਿਸ਼ਨਰ ਹੁਸਿਆਰਪੁਰ ਰੋਕ ਦੇ ਲਿਖਤੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਲਾਏ ਰੋਸ ਧਰਨੇ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਮਹਿੰਮਦੋਵਾਲ ਦੀ ਪੜ੍ਹੀ ਲਿਖੀ ਹੋਣਹਾਰ ਧੀ ਨੂੰ ਅਪਾਹਜ ਬਣਾਉਣ ਵਾਲੇ ਟਿੱਪਰਾਂ ਖ਼ਿਲਾਫ਼ ਲੱਗੇ ਰੋਸ ਧਰਨੇ ਵਿੱਚ ਪੀੜ੍ਹਤ ਧੀ ਦੇ ਹੱਦੋਂ ਵੱਧ ਦੁਖੀ ਪਿਤਾ ਜਸਵੀਰ ਸਿੰਘ ਨੇ ਆਪਣੇ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਖਹਿਰਾ ਤੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ।ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੇ ਵੀ ਪਿੰਡ ਰਾਮਪੁਰ ਸੈਣੀਆਂ ਦੇ ਸਰਪੰਚ ਹਰਚਰਨ ਸਿੰਘ ਚੰਨੀ ਸਮੇਤ ਸਮੂਹ ਮੋਹਤਬਰਾਂ ਨੂੰ ਉਨ੍ਹਾਂ ਵਲੋਂ ਇਲਾਕੇ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਖਾਤਰ ਵਿੱਢੇ ਇਸ ਸੰਘਰਸ਼ ਵਿੱਚ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਉਨ੍ਹਾਂ ਪਿੰਡ ਮਹਿੰਮਦੋਵਾਲ ਦੀ ਤੇਜ਼ ਰਫ਼ਤਾਰ ਓਵਰਲੋਡਡ ਟਿੱਪਰ ਦੀ ਲਪੇਟ ਚ ਆ ਕੇ ਆਪਣੀਆਂ ਦੋਵੇਂ ਲੱਤਾਂ ਗੁਆਉਣ ਵਾਲੀ ਦੁਖੀ ਧੀ ਲਖਵਿੰਦਰ ਕੌਰ ਨੂੰ ਪ੍ਰਸਾਸ਼ਨ ਵਲੋਂ ਕੀਤੇ ਵਾਅਦੇ ਮੁਤਾਬਿਕ ਤੁਰੰਤ ਸਰਕਾਰੀ ਨੌਕਰੀ ਤੇ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਬੇਹੱਦ ਦੁੱਖਦਾਈ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪੀੜ੍ਹਤਾਂ ਦੀ ਸਾਰ ਲੈਣ ਦੀ ਥਾਂ ਖਣਨ ਮਾਫੀਏ ਦੇ ਸਰਗਨਿਆਂ ਨੂੰ ਸ਼ਰੇਆਮ ਸਮੱਰਥਨ ਦੇਣ ਨੂੰ ਪਹਿਲ ਦਿੰਦਾ ਹੈ।ਓਵਰਲੋਡਡ ਟਿੱਪਰਾਂ ਹੇਠ ਆ ਕੇ ਅਪਾਹਜ ਹੋਣ ਵਾਲਿਆਂ ਤੇ ਜਾਨਾਂ ਗੁਆਉਣ ਵਾਲਿਆਂ ਦੀ ਖ਼ਬਰਸਾਰ ਲੈਣ ਤੇ ਉਨ੍ਹਾਂ ਦੀ ਬਣਦੀ ਸਰਕਾਰੀ ਸਹਾਇਤਾ ਮੁਹੱਈਆ ਕਰਵਾਉਣ ਤੋਂ ਪ੍ਰਸ਼ਾਸਨ ਹਮੇਸ਼ਾ ਟਾਲਾ ਵੱਟਦਾ,ਡੰਗ ਟਪਾਉਂਦਾ ਤੇ ਮਸਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਯੋਜਨਾਵਾਂ ਘੜ੍ਹਦਾ ਹੈ।ਜੋ ਕਿ ਨਿਹਾਇਤ ਬੇਇਨਸਾਫ਼ੀ,ਧੋਖਾ ਤੇ ਸ਼ਰਮਸਾਰ ਕਰਨ ਵਾਲੀ ਗੱਲ ਹੈ।ਕੋਈ ਪੱਕੀ ਗਿਣਤੀ ਨਹੀਂ ਕਿੰਨੇ ਕੁ ਇਲਾਕਾ ਨਿਵਾਸੀ ਇਸ ਖਣਨ ਮਾਫੀਏ ਦੇ ਓਵਰਲੋਡਡ ਟਿੱਪਰਾਂ ਦੀ ਲਪੇਟ ਚ ਆ ਕੇ ਜਾਨਾਂ ਗੁਆ ਬੈਠੇ ਹਨ ਜਾਂ ਅਪਾਹਜ ਬਣਕੇ ਬੇਬੱਸ ਹੋ ਕੇ ਮੌਤ ਤੋਂ ਭੈੜੀ ਜ਼ਿੰਦਗੀ ਜਿਊਂਣ ਲਈ ਮਜ਼ਬੂਰ ਹਨ।ਪਰ ਖਣਨ ਮਾਫੀਏ ਤੇ ਪ੍ਰਸ਼ਾਸਨ ਵਿਚਕਾਰ ਪਤਾ ਨਹੀਂ ਕਿਹੜੀ ਗੁਪਤ ਗੰਢ-ਤੁੱਪ ਹੈ,ਹਰ ਵਕਤ ਇਨਸਾਫ਼ ਖਾਤਰ ਖੜ੍ਹਨ ਵਾਲਿਆਂ ਤੇ ਦਬਾਅ ਪਾਇਆ ਜਾਂਦਾ ਹੈ।ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੁੱਝ ਧਨਾਢ ਟਿੱਪਰਾਂ ਵਾਲੇ ਪੈਸੇ ਤੇ ਆਪਣੀਂ ਪਹੁੰਚ ਦੇ ਜ਼ੋਰ ਡੀ ਸੀ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਰੋਸ ਧਰਨਾ ਦੇਣ ਵਾਲੇ ਇਲਾਕੇ ਦੇ ਮੋਹਤਬਰਾਂ ਤੇ ਪੁਲਿਸ ਕੋਲੋਂ ਝੂਠੇ ਪਰਚੇ ਕਰਵਾਉਣ ਦੀ ਧਮਕੀਆਂ ਵੀ ਦੇ ਰਹੇ ਹਨ।ਪਰ ਸੂਝਵਾਨ ਇਲਾਕਾ ਨਿਵਾਸੀ ਬਿਨਾਂ ਕਿਸੇ ਭੜਕਾਹਟ ਦੇ ਸਾਤਮਈ ਸੰਘਰਸ਼ ਕਰ ਰਹੇ ਹਨ।ਪਰ ਹੁਣ ਲੋਕਾਂ ਦੇ ਸਬਰ ਦਾ ਬੰਨ ਟੁੱਟਣ ਕਿਨਾਰੇ ਹੈ ਜੇ ਪ੍ਰਸ਼ਾਸਨ ਨੇ ਖਣਨ ਮਾਫੀਏ ਦੀ ਮੱਦਦ ਤੇ ਹੱਕ ਸੱਚ ਲਈ ਖੜ੍ਹਦੇ ਲੋਕਾਂ ਨਾਲ ਧੱਕਾ ਕਰਨਾ ਬੰਦ ਨਾ ਕੀਤਾ ਤਾਂ ਸਤਾਏ ਹੋਏ ਇਲਾਕਾ ਨਿਵਾਸੀਆਂ ਦੇ ਸਖਤ ਰੋਹ ਦਾ ਸਾਹਮਣਾ ਕਰਨਾ ਪਵੇਗਾ ਜਿਸ ਲਈ ਜ਼ਿੰਮੇਵਾਰ ਖੁਦ ਪੁਲਿਸ ਤੇ ਪ੍ਰਸਾਸ਼ਨਿਕ ਅਧਿਕਾਰੀ ਹੋਣਗੇ।ਇਸ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤਾਂ ਨੂੰ ਸਮਝਦਿਆਂ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਉਣ ਲਈ ਸੁਹਿਰਦ ਤੇ ਸਾਰਥਿਕ ਯਤਨ ਕਰਨੇ ਪੈਣਗੇ ।ਇਸ ਮੌਕੇ ਤੇ ਪਿੰਡ ਰਾਮਪੁਰ ਤੋਂ ਸਰਪੰਚ ਹਰਚਰਨ ਸਿੰਘ ਚੰਨੀ,ਜਸਵੀਰ ਸਿੰਘ ਮਹਿੰਮਦੋਵਾਲ,ਗੁਰਜੀਤ ਸਿੰਘ ਖਹਿਰਾ ਸਰਪੰਚ,ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਸੁਖਵਿੰਦਰ ਸਿੰਘ ਪੰਚ,ਲੰਬੜਦਾਰ ਗੁਰਨਾਮ ਸਿੰਘ,ਕਮਲਜੀਤ ਕੌਰ ਪੰਚ,ਮਨਜੀਤ ਸਿੰਘ,ਤਾਜਵੀਰ ਸਿੰਘ,ਕਰਨ ਤੰਬੜ,ਜਸ਼ਨ ਬਿੰਦਾ,ਮਨਪ੍ਰੀਤ ਸਿੰਘ,ਗੋਪੀ,ਹਰਭਜਨ ਸਿੰਘ ਸੋਨੂੰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਤੇ ਇਲਾਕਾ ਨਿਵਾਸੀ ਰੋਸ ਧਰਨੇ ਵਿੱਚ ਸ਼ਾਮਲ ਹੋਏ।

Comments