ਚੱਬੇਵਾਲ ਦੀ ਰੈਲੀ ਦੱਸ ਦੇਵੇਗੀ ਕੇ ਪੂਰਾ ਦੁਆਬਾ ਅਕਾਲੀ ਦਲ ਨਾਲ ਹੋਇਆ ਖੜ੍ਹਾ-ਲਾਲੀ ਬਾਜਵਾ3 ਅਪ੍ਰੈਲ ਦੀ ਰੈਲੀ ਸਬੰਧੀ ਮੀਟਿੰਗ, ਆਗੂਆਂ ਦੀਆਂ ਲਗਾਈਆਂ ਡਿਊਟੀਆਂ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 3 ਅਪ੍ਰੈਲ ਨੂੰ ਚੱਬੇਵਾਲ ਵਿਖੇ ਹੋਣ ਜਾ ਰਹੀ ਵਿਸ਼ਾਲ ਰੈਲੀ ਪ੍ਰਤੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਤੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿੱਚ ਪਾਰਟੀ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਹੋਈ, ਇਸ ਮੀਟਿੰਗ ਦੌਰਾਨ ਲਾਲੀ ਬਾਜਵਾ ਵੱਲੋਂ ਜਥੇਬੰਦੀ ਦੇ ਵੱਖ-ਵੱਖ ਆਗੂਆਂ ਦੀਆਂ ਰੈਲੀ ਸਬੰਧੀ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਲਾਲੀ ਬਾਜਵਾ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਖੇੜਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਹੋਣ ਜਾ ਰਹੀ ਪਾਰਟੀ ਦੀ ਇਹ ਰੈਲੀ ਇਤਹਾਸਿਕ ਹੋਵੇਗੀ ਅਤੇ ਇਹ ਰੈਲੀ ਦੱਸ ਦੇਵੇਗੀ ਕਿ ਆਉਣ ਵਾਲੀਆਂ ਚੋਣਾ ਵਿੱਚ ਦੁਆਬਾ ਅਕਾਲੀ ਦਲ ਦੇ ਹੱਕ ਵਿੱਚ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਸੂਬੇ ਦੀ ਖੇਤਰੀ ਪਾਰਟੀ ਹੀ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦੀ ਹੈ, ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਸਰਕਾਰ ਸਮੇਂ ਡਿਪਟੀ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਵਿਕਾਸ ਪਾਰਟੀ ਦੀ ਸਰਕਾਰ ਸਮੇਂ 10 ਸਾਲਾਂ ਵਿੱਚ ਕਰਵਾਇਆ ਗਿਆ ਸੀ ਉਸਦੀ ਝਲਕ ਅੱਜ ਵੀ ਪੂਰੇ ਪੰਜਾਬ ਵਿੱਚ ਪੈਂਦੀ ਹੈ। ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਖੇਡਾਂ, ਸਿਹਤ ਸਹੂਲਤਾਂ, ਪਾਣੀ ਵਾਲੇ ਟਿਊਬਵੈੱਲਾਂ ਦੇ ਮੁਫਤ ਬਿਜਲੀ ਕੁਨੈਕਸ਼ਨ, ਥਾਂ-ਥਾਂ ਲੋਕਾਂ ਦੀ ਸਹੂਲਤ ਲਈ ਸੁਵਿਧਾ ਕੇਂਦਰ ਖੋਲ੍ਹੇ ਅਤੇ ਵਾਹਨਾਂ ਦੇ ਲਾਈਸੈਂਸ ਬਣਾਉਣ ਦੀ ਪ੍ਰਕ੍ਰਿਆ ਆਸਾਨ ਬਣਾਈ, ਇਸ ਤੋਂ ਇਲਾਵਾ ਵੀ ਹੋਰ ਕਈ ਵੱਡੇ ਕੰਮ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਗਏ ਸਨ ਜਦੋਕਿ ਸੂਬੇ ਦੀ ਮੌਜੂਦਾ ਆਪ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਇਸ ਸਰਕਾਰ ਦੇ ਦੌਰਾਨ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਜਿਸ ਦਾ ਹੁਣ ਪਰਦਾਫਾਸ਼ ਹੋ ਚੁੱਕਾ ਹੈ ਤੇ ਇਸੇ ਕਾਰਨ ਸੂਬੇ ਦੇ ਲੋਕ ਆਪ ਨੂੰ ਸਬਕ ਸਿਖਾਉਣ ਲਈ ਕਾਹਲੇ ਪਏ ਹੋਏ ਹਨ। ਇਸ ਸਮੇਂ ਬਰਿੰਦਰ ਪਰਮਾਰ, ਦਵਿੰਦਰ ਸਿੰਘ ਬੈਂਸ, ਹਰਿੰਦਰਪਾਲ ਸਿੰਘ ਝਿੰਗੜ, ਬਲਰਾਜ ਚੌਹਾਨ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਲਖਵਿੰਦਰ ਠੱਕਰ, ਕੁਲਦੀਪ ਸਿੰਘ ਬੱਬੂ ਬਜਵਾੜਾ, ਪ੍ਰਭ, ਹਰਭਜਨ ਧਾਲੀਵਾਲ, ਰਵਿੰਦਰਪਾਲ ਸਿੰਘ ਮਿੰਟੂ, ਰਣਧੀਰ ਸਿੰਘ ਭਾਰਜ, ਗੁਰਪ੍ਰੀਤ ਸਿੰਘ ਕੋਹਲੀ ਆਦਿ ਵੀ ਹਾਜਰ ਸਨ।

Comments