15 ਮਾਰਚ ਸੱਤਾ ਪ੍ਰਾਪਤ ਕਰੋ ਬਸਪਾ ਰੈਲੀ ਸੂਬੇ ਦੀ ਸਿਆਸਤ ਵਿੱਚ ਤਬਦੀਲੀ ਦਾ ਮੁੱਢ ਬੰਨ੍ਹੇਗੀ - ਕਰੀਮਪੁਰੀ*ਪੰਜਾਬ 'ਚ ਵਿਕ ਰਹੇ ਹਨ ਸ਼ਰੇਆਮ ਨਸ਼ੇ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬਹੁਜਨ ਸਮਾਜ ਪਾਰਟੀ ਹਲਕਾ ਸ਼ਾਮ ਚੌਰਾਸੀ ਅਤੇ ਹੁਸ਼ਿਆਰਪੁਰ ਦੀ ਵਿਸ਼ੇਸ਼ ਮੀਟਿੰਗ ਪਿੰਡ ਹਰਦੋਖਾਨਪੁਰ ਵਿਖੇ ਦਲਜੀਤ ਰਾਏ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਮੁੱਖ ਮਹਿਮਾਨ ਅਤੇ ਗੁਰਨਾਮ ਚੌਧਰੀ ਇੰਚਾਰਜ ਪੰਜਾਬ, ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ਼ ਸਕੱਤਰ ਪੰਜਾਬ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਇਸ ਮੌਕੇ ਡਾ. ਕਰੀਮਪੁਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ 15 ਮਾਰਚ ਨੂੰ ਦਾਣਾ ਮੰਡੀ ਬਹਿਰਾਮ ਵਿਖੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਸੱਤਾ ਪ੍ਰਾਪਤ ਕਰੋ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਰੈਲੀ ਇਤਿਹਾਸਕ ਹੋਵੇਗੀ ਅਤੇ ਪੰਜਾਬ ਦੇ ਵਿਗੜੇ ਤਰਸਯੋਗ ਹਲਾਤਾਂ ਤੋਂ ਮੁੱਖ ਮੋੜ ਕੇ ਸੁਤੀ ਪੰਜਾਬ ਦੀ ਆਮ ਆਦਮੀ ਪਾਰਟੀ ਦੀਆਂ ਜੜਾਂ ਹਿਲਾ ਦੇਵੇਗੀ।
ਕਰੀਮਪੁਰੀ ਨੇ ਕਿਹਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਸਿਰਫ ਇਸ਼ਤਿਹਾਰਬਾਜ਼ੀ ਬਣਕੇ ਰਹਿ ਗਈ ਹੈ, ਪੰਜਾਬ ਵਿੱਚ ਨਸ਼ਿਆਂ ਦੇ ਖੁੱਲ੍ਹੇ ਵਪਾਰ ਅਤੇ ਪੁਲਿਸ ਦੀ ਨਾਕਾਮੀ ਵਿਰੁੱਧ ਅਤੇ 15 ਮਾਰਚ ਦੀ ਬਹਿਰਾਮ ਰੈਲੀ ਦੀ ਸਫਲਤਾ ਅਤੇ ਇਤਿਹਾਸਕ ਇਕੱਠ ਲਈ ਲਾਮਬੰਦੀ ਤੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਦਲ ਦਲ ਵਿਚੋਂ ਕੱਢਣ ਲਈ ਲੋਕਾਂ ਨੂੰ ਆਪਣੇ ਪਿੰਡ ਆਪ ਸੰਭਾਲਣੇ ਪੈਣਗੇ।
ਕਰੀਮਪੁਰੀ ਨੇ ਕਿਹਾ 15 ਮਾਰਚ ਦੀ ਰੈਲੀ ਸਿਰਫ਼ ਇੱਕ ਇਕੱਠ ਨਹੀਂ, ਸਗੋਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਤਖ਼ਤ ਹਿਲਾਉਣ ਵਾਲੀ ਗਰਜ ਹੋਵੇਗੀ। ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਬਹੁਜਨ ਸਮਾਜ ਸੱਤਾ ਦੀ ਦਹਿਲੀਜ਼ ਤੱਕ ਨਹੀਂ ਪਹੁੰਚਦਾ, ਉਦੋਂ ਤੱਕ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ਮਹਿਫ਼ੂਜ਼ ਨਹੀਂ ਹਨ। ਇਹ ਰੈਲੀ ਪੰਜਾਬ ਵਿੱਚ ਬਸਪਾ ਦੀ ਮਜ਼ਬੂਤੀ ਦਾ ਪ੍ਰਤੀਕ ਬਣੇਗੀ।
ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਨੂੰ ਬਰਬਾਦੀ ਤੋਂ ਬਚਾਉਣ ਲਈ ਡਾ. ਕਰੀਮਪੁਰੀ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ, ਭਾਜਪਾ, ਅਕਾਲੀ ਅਤੇ ਮੌਜੂਦਾ ਤਾਨਾਸ਼ਾਹ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਹਰ ਵਰਗ ਦੁੱਖੀ ਨਜਰ ਆ ਰਿਹਾ ਹੈ। ਓਨਾਂ ਕਿਹਾ ਪੰਜਾਬ ਦੀ ਬਰਬਾਦੀ ਨੂੰ ਰੋਕਣ ਲਈ ਅਤੇ ਹੱਕਾਂ ਦੀ ਰਾਖੀ ਲਈ ਹੁਣ ਸੱਤਾ ਦੀ ਚਾਬੀ ਆਪਣੇ ਹੱਥ ਲੈਣ ਦਾ ਸਮਾਂ ਆ ਗਿਆ ਹੈ। ਉਨਾਂ ਬਸਪਾ ਆਗੂਆਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਲਈ ਪ੍ਰੇਰਿਤ ਕੀਤਾ।
ਇਸ ਸਮੇਂ ਬਸਪਾ ਪੰਜਾਬ ਦੇ ਇੰਚਾਰਜ ਗੁਰਨਾਮ ਚੌਧਰੀ, ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ਼ ਸਕੱਤਰ ਪੰਜਾਬ, ਮਨਿੰਦਰ ਸ਼ੇਰਪੁਰੀ ਸਕੱਤਰ ਪੰਜਾਬ, ਸੁਖਦੇਵ ਬਿੱਟਾ ਸਕੱਤਰ ਪੰਜਾਬ, ਦਲਜੀਤ ਰਾਏ ਜ਼ਿਲਾ ਪ੍ਰਧਾਨ, ਨਿਸ਼ਾਨ ਚੌਧਰੀ ਇੰਚਾਰਜ ਹਲਕਾ ਸ਼ਾਮ ਚੌਰਾਸੀ,ਸੁਰਜੀਤ ਮਹਿਮੀ, ਮੋਹਣ ਲਾਲ ਭਟੋਆ , ਸੰਦੀਪ ਹੈਪੀ ਫੰਬੀਆਂ, ਸਤਪਾਲ ਭਾਰਜਵਾਜ, ਮੋਹਣ ਲਾਲ ਬਾਮਸੇਫ , ਮੰਗਲ ਨਾਥ ,ਜਗਮੋਹਣ ਸੱਜਣਾਂ, ਪ੍ਰੋਫੈਸਰ ਸੁਰਜੀਤ ਸਿੰਘ, ਵਿਜੇ ਕੁਮਾਰ, ਪਰਮਜੀਤ ਪੰਮਾ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।
Comments
Post a Comment