ਔਰਤਾਂ ਨੂੰ ਸਰਵਾਈਕਲ ਕੈਂਸਰ ਤੋ ਬਚਾਉਣ ਲਈ ਐਚ.ਪੀ.ਵੀ. ਟੀਕਾਕਰਨ ਜ਼ਰੂਰੀ- ਡਾ ਮਨਦੀਪ ਕਮਲ 14 ਸਾਲ ਦੀਆਂ ਬੱਚੀਆਂ ਦੇ ਲਗਾਇਆ ਜਾਏਗਾ ਐਚ.ਪੀ. ਵੀ. ਟੀਕਾ -ਡਾਕਟਰ ਸੀਮਾ ਗਰਗ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਐਚ.ਪੀ.ਵੀ. ਵੈਕਸੀਨੇਸ਼ਨ ਜਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੇ ਲਗਾਈ ਜਾ ਰਹੀ ਹੈ ਤਾਂ ਜੋ ਔਰਤਾਂ ਨੂੰ ਸਰਵਾਈਕਲ ਕੈਂਸਰ ਤੋ ਬਚਾਇਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਸੀਮਾ ਗਰਗ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ 28 ਫਰਵਰੀ 2026 ਤੋਂ ਕੀਤੀ ਗਈ ਹੈ। ਇਸ ਦੇ ਤਹਿਤ 14 ਸਾਲ ਦੀਆਂ ਬੱਚੀਆਂ ਜਿਨਾ ਦੀ ਉਮਰ ਅਜੇ 15 ਸਾਲ ਨਹੀ ਹੋਈ ਹੈ, ਨੂੰ ਐਚ.ਪੀ.ਵੀ.(ਹਿਊਮਨ ਪੋਪੀਲੋਮਾ ਵਾਇਰਸ) ਟੀਕਾ ਲਗਾਇਆ ਜਾ ਰਿਹਾ ਹੈ, ਤਾਂ ਜੋ ਔਰਤਾਂ ਵਿੱਚ ਸਰਵਾਈਕਲ ਕੈਂਸਰ ਤੋਂ ਬਚਾਅ ਕੀਤਾ ਜਾ ਸਕੇ। ਸਿਹਤ ਵਿਭਾਗ ਦਾ ਮੁੱਖ ਉਦੇਸ਼ ਇਸ ਟੀਕਾਕਰਨ ਰਾਹੀਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਭਵਿੱਖ ਵਿੱਚ ਸੁਰੱਖਿਆ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ਲੜਕੀਆਂ ‘ਚ ਸਰਵਾਈਕਲ ਕੈਂਸਰ ਤੋਂ ਬਚਾਓ ਲਈ ਇਹ ਵੈਕਸੀਨ ਬਹੁਤ ਹੀ ਲਾਹੇਵੰਦ ਹੈ ਤੇ ਇਸ ਟੀਕਾਕਰਨ ਰਾਹੀਂ ਭਵਿੱਖ ਵਿੱਚ ਸਰਵਾਈਕਲ ਕੈਂਸਰ ਹੋਣ ਦੇ ਖਤਰਿਆਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਇਹ ਵੈਕਸੀਨ ਇੱਕ ਹੀ ਖੁਰਾਕ ਦੇ ਰੂਪ ਵਿੱਚ ਦਿੱਤੀ ਜਾਵੇਗੀ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਸਮੇਂ ਸਮੇਂ ਤੇ ਟੀਕਾਕਰਨ ਸ਼ਡਿਊਲ ਵਿੱਚ ਹਰ ਉਸ ਵੈਕਸੀਨ ਨੂੰ ਐਡ ਕਰ ਰਿਹਾ ਹੈ ਜਿਸ ਨਾਲ਼ ਭਵਿੱਖ ਵਿੱਚ ਖਤਰਨਾਕ ਬਿਮਾਰੀਆਂ ਦਾ ਸਾਹਮਣਾ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਸਰਵਾਈਕਲ ਕੈਂਸਰ ਔਰਤਾਂ ਵਿੱਚ ਇੱਕ ਗੰਭੀਰ ਬਿਮਾਰੀ ਹੈ ਅਤੇ ਇਸ ਤੋਂ ਬਚਾਅ ਲਈ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਸਰਵਾਈਕਲ ਕੈਂਸਰ ਭਾਰਤੀ ਔਰਤਾਂ ਵਿੱਚ ਛਾਤੀ ਦੇ ਕੈਂਸਰ ਤੋੰ ਬਾਅਦ ਦੂਜੇ ਨੰਬਰ ਤੇ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 2030 ਤੱਕ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨੂੰ ਹਾਸਲ ਕਰਨ ਲਈ ਇਹ ਮੁਹਿੰਮ ਇੱਕ ਮਹੱਤਵਪੂਰਨ ਕਦਮ ਹੈ। ਇਸ ਮੁਹਿੰਮ ਦੌਰਾਨ ਸਿਹਤ ਸੰਸਥਾਵਾਂ ਰਾਹੀਂ ਟੀਕਾਕਰਨ ਕੀਤਾ ਜਾਵੇਗਾ ਅਤੇ ਇਸਦਾ ਰਿਕਾਰਡ ਯੂ-ਵਿਨ ਰਾਹੀ ਰੱਖਿਆ ਜਾਵੇਗਾ।
ਉਹਨਾਂ ਦੱਸਿਆਂ ਕਿ ਜਿਲਾ ਹੁਸ਼ਿਆਰਪੁਰ ਵਿੱਚ ਸੀ.ਐਚ.ਸੀ. ਟਾਂਡਾ, ਪੀ.ਐਚ.ਯੂ ਪਾਲਦੀ, ਪੀ.ਐਚ.ਸੀ. ਮੰਡ ਮੰਡੇਰ, ਪੀ.ਪੀ. ਯੂਨਿਟ ਸਿਵਲ ਹਸਪਤਾਲ ਹੁਸ਼ਿਆਰਪੁਰ, ਸੀ.ਐਚ.ਸੀ. ਹਾਰਟਾ ਬਡਲਾ,ਪੀ.ਐਚ.ਸੀ. ਹਾਜੀਪੁਰ, ਸੀ.ਐਚ.ਸੀ. ਸ਼ਾਮ ਚੋਰਾਸੀ, ਪੀ.ਐਚ.ਸੀ. ਚਕੋਵਾਲ, ਪੀ.ਐਚ.ਸੀ. ਬੁੱਢਾਵੜ, ਸੀ.ਐਚ.ਸੀ. ਭੁੰਗਾ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਪੁਰਹੀਰਾ, ਪੀ.ਐਚ.ਸੀ.ਪੋਸੀ, ਸਬ ਡਿਵੀਜ਼ਨਲ ਹਸਪਤਾਲ ਮੁਕੇਰੀਆਂ, ਸੀ.ਐਚ.ਸੀ. ਮਾਹਿਲਪੁਰ, ਪੀ.ਐਚ.ਸੀ. ਕਮਾਹੀ ਦੇਵੀ, ਸਬ ਡਿਵੀਜ਼ਨਲ ਹਸਪਤਾਲ ਗੜਸ਼ੰਕਰ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਇਸਲਾਮਾਬਾਦ, ਸਬ ਡਿਵੀਜ਼ਨਲ ਹਸਪਤਾਲ ਦਸੂਹਾ, ਸੀ.ਐਚ.ਸੀ. ਬੀਨੇਵਾਲ ਅਤੇ ਸੀ.ਐਚ.ਸੀ. ਭੋਲ ਕਲੋਤਾ ਵਿਖੇ ਐਚ.ਪੀ.ਵੀ. ਟੀਕਾਕਰਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜਾਣਕਾਰੀ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਮਾਪੇ ਆਪਣੀਆਂ ਧੀਆਂ ਨੂੰ ਨਿਸ਼ਚਿੰਤ ਹੋ ਕੇ ਟੀਕਾ ਲਗਵਾ ਸਕਣ।
Comments
Post a Comment