ਅਮਰੀਕਾ ਵੱਲੋਂ ਟੈਰਿਫ ਵਿੱਚ ਕਟੌਤੀ ਨਾਲ ਭਾਰਤੀ ਨਿਰਯਾਤ ਨੂੰ ਮਿਲੇਗਾ ਵੱਡਾ ਹੁੰਗਾਰਾ: ਹਰੀਸ਼ ਚੌਧਰੀ ਪੰਜਾਬ ਵਿੱਚ ਮਜ਼ਬੂਤ ਉਦਯੋਗਿਕ ਢਾਂਚੇ ਦੀ ਲੋੜ ‘ਤੇ ਜ਼ੋਰ



ਮੋਹਾਲੀ/ਦਲਜੀਤ ਅਜਨੋਹਾ 
ਆਈਡੀ ਸਟੀਲ ਇੰਡਸਟਰੀ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਹਰੀਸ਼ ਚੌਧਰੀ ਨੇ ਅੰਤਰਰਾਸ਼ਟਰੀ ਵਪਾਰ ਵਿੱਚ ਆਏ ਹਾਲੀਆ ਸਕਾਰਾਤਮਕ ਵਿਕਾਸਾਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਭਾਰਤ ਦੇ ਨਿਰਯਾਤ ਖੇਤਰ ਲਈ ਹੌਂਸਲਾ ਅਫ਼ਜ਼ਾਈ ਕਰਨ ਵਾਲਾ ਕਦਮ ਹੈ। ਉਨ੍ਹਾਂ ਨੇ ਯੂਰਪੀ ਨੇਤ੍ਰਿਤਵ ਨਾਲ ਭਾਰਤ ਸਰਕਾਰ ਦੀ ਸਫਲ ਵਪਾਰਕ ਗੱਲਬਾਤ ਅਤੇ ਯੂਐਸ ਵੱਲੋਂ ਟੈਰਿਫ ਵਿੱਚ 18 ਫੀਸਦੀ ਤੱਕ ਕੀਤੀ ਕਟੌਤੀ ਨੂੰ ਭਾਰਤੀ ਨਿਰਯਾਤਕਾਰਾਂ ਲਈ ਵੱਡੀ ਰਾਹਤ ਦੱਸਿਆ।
ਹਰੀਸ਼ ਚੌਧਰੀ ਨੇ ਕਿਹਾ ਕਿ ਅਮਰੀਕੀ ਸਰਕਾਰ ਵੱਲੋਂ ਟੈਰਿਫ ਘਟਾਉਣ ਨਾਲ ਭਾਰਤੀ ਵਪਾਰ ਅਤੇ ਖੇਤੀ-ਆਧਾਰਿਤ ਉਤਪਾਦਾਂ ਨੂੰ ਖਾਸ ਫਾਇਦਾ ਮਿਲੇਗਾ। ਇਸ ਨਾਲ ਸਟੀਲ, ਐਗਰੋ-ਪ੍ਰੋਸੈਸਿੰਗ ਅਤੇ ਵੈਲਯੂ ਐਡਿਡ ਖੇਤੀਬਾੜੀ ਉਤਪਾਦਾਂ ਦੇ ਖੇਤਰ ਵਿੱਚ ਨਵੇਂ ਮੌਕੇ ਖੁੱਲਣਗੇ। ਉਨ੍ਹਾਂ ਦੇ ਮੁਤਾਬਕ ਇਸ ਫ਼ੈਸਲੇ ਨਾਲ ਭਾਰਤੀ ਉਦਯੋਗਪਤੀਆਂ ਅਤੇ ਕਿਸਾਨਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਪਣੀ ਪਹੁੰਚ ਵਧਾਉਣ ਦਾ ਮੌਕਾ ਮਿਲੇਗਾ।
ਪੰਜਾਬ ਦੇ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਜਿੱਥੇ ਅੰਤਰਰਾਸ਼ਟਰੀ ਵਪਾਰ ਨੀਤੀਆਂ ਭਾਰਤ ਦੇ ਹੱਕ ਵਿੱਚ ਬਣ ਰਹੀਆਂ ਹਨ, ਉੱਥੇ ਹੀ ਰਾਜ ਸਰਕਾਰ ਨੂੰ ਵੀ ਉਦਯੋਗਿਕ ਮਾਹੌਲ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਬਿਹਤਰ ਬੁਨਿਆਦੀ ਢਾਂਚਾ, ਮਜ਼ਬੂਤ ਕਾਨੂੰਨ-ਵਿਵਸਥਾ ਅਤੇ ਉਦਯੋਗਾਂ ਨਾਲ ਸੰਬੰਧਤ ਮੁੱਦਿਆਂ ਦੇ ਸਮਾਧਾਨ ‘ਤੇ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਨਵੇਂ ਨਿਵੇਸ਼ ਆਕਰਸ਼ਿਤ ਕੀਤੇ ਜਾ ਸਕਣ।
ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਇੱਕ ਮੁੱਖ ਖੇਤੀ-ਉਦਯੋਗਿਕ ਰਾਜ ਹੈ ਅਤੇ ਸਹੀ ਨੀਤੀਆਂ ਨਾਲ ਇੱਥੇ ਖੇਤੀ ਨਿਰਯਾਤ ਅਤੇ ਉਦਯੋਗਿਕ ਉਤਪਾਦਨ ਵਿੱਚ ਵੱਡਾ ਵਾਧਾ ਕੀਤਾ ਜਾ ਸਕਦਾ ਹੈ। ਜੇਕਰ ਬੁਨਿਆਦੀ ਢਾਂਚਾ, ਕਾਰੋਬਾਰ ਕਰਨ ਦੀ ਸੁਵਿਧਾ ਅਤੇ ਉਦਯੋਗਿਕ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਪੰਜਾਬ ਦੇਸ਼ ਦਾ ਅਗੇਤਰਨ ਨਿਰਯਾਤ-ਕੇਂਦਰਿਤ ਰਾਜ ਬਣ ਸਕਦਾ ਹੈ।
ਅੰਤ ਵਿੱਚ ਹਰੀਸ਼ ਚੌਧਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਹੀ ਪੰਜਾਬ ਵਿੱਚ ਲੰਬੇ ਸਮੇਂ ਤੱਕ ਉਦਯੋਗਿਕ ਵਿਕਾਸ ਅਤੇ ਆਰਥਿਕ ਤਰੱਕੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

Comments