ਗੁਰੂ ਰਵਿਦਾਸ ਜੀ ਪ੍ਰਕਾਸ਼ ਪੁਰਬ ਤੇ ਆਦਿ ਧਰਮ ਮਿਸ਼ਨ ਵਲੋਂ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਬਨਾਰਸ 'ਚ ਕੱਢੀ ਸ਼ੋਭਾ ਯਾਤਰਾ *ਭਾਰੀ ਗਿਣਤੀ ਵਿੱਚ ਸੰਗਤਾਂ ਹੋਈਆਂ ਸ਼ਾਮਲ

 

 ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਜਗਤ ਗੁਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕਾਂਸ਼ੀ ਬਨਾਰਸ ਵਿਖੇ ਬੜੀ ਧੂਮ ਧਾਮ ਅਤੇ ਸ਼ਰਧਾ ਪੂਰਵਕ ਕੱਢੀ ਗਈ,ਜਿਸ ਵਿੱਚ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਅਤੇ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਹੁੰਮ ਹੁਮਾ ਕੇ ਸ਼ਾਮਲ ਹੋਈਆਂ। ਹਾਥੀ,ਘੋੜੇ, ਢੋਲ, ਨਗਾਰੇ ਅਤੇ ਵੱਖ ਵੱਖ ਸੁੰਦਰ ਫੁੱਲਾਂ ਨਾਲ ਸਜੀਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸੁੰਦਰ ਸਰੂਪ ਵਾਲੀਆਂ ਝਾਕੀਆਂ ਸ਼ੋਭਾ ਯਾਤਰਾ ਦੀ ਖ਼ੂਬਸੂਰਤੀ ਨੂੰ ਵਧਾ ਰਹੀਆਂ ਸਨ। ਬਨਾਰਸ ਦੇ ਵੱਖ ਵੱਖ ਬਜਾਰਾਂ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਲੋਕਾਂ ਵਲੋੰ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ, ਵਰਿੰਦਰ ਬੰਗਾ ਕੌਮੀ ਜਨਰਲ਼ ਸਕੱਤਰ, ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਸੰਤ ਬੀਬੀ ਪੂਨਮ ਹੀਰਾ ਆਦਿ ਨੂੰ ਫੁੱਲ ਮਲਾਵਾਂ ਅਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। 
             ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਨੇ ਬਨਾਰਸ,ਪੰਜਾਬ ਅਤੇ ਹੋਰ ਵੱਖ ਵੱਖ ਸੂਬਿਆਂ ਤੋਂ ਪਹੁੰਚੀਆਂ ਸੰਗਤਾਂ ਅਤੇ ਬਨਾਰਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਆਦਿ ਧਰਮ ਮਿਸ਼ਨ ਦੀ ਸਮੁੱਚੀ ਟੀਮ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ। ਸੰਤ ਸਤਵਿੰਦਰ ਹੀਰਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਸਤਿਗੁਰੂ ਜੀ ਦੇ ਬੇਗਮਪੁਰਾ ਸ਼ਹਿਰ ਦੇ ਸੰਕਲਪ ਨੂੰ ਪੂਰਾ ਕਰਨ ਲਈ ਆਦਿ ਧਰਮ ਲਹਿਰ ਨੂੰ ਪੂਰੇ ਭਾਰਤ ਅੰਦਰ ਪ੍ਰਚੰਡ ਕੀਤਾ ਜਾਵੇਗਾ। ਉਨਾਂ ਕਿਹਾ ਸੰਗਤਾਂ ਵਲੋੰ ਮਿਲੇ ਅਥਾਹ ਪਿਆਰ ਅਤੇ ਸਹਿਯੋਗ ਲਈ ਆਦਿ ਧਰਮ ਮਿਸ਼ਨ ਦੀ ਸਮੁੱਚੀ ਟੀਮ ਸਦਾ ਰਿਣੀ ਰਹੇਗੀ ਅਤੇ ਮਿਸ਼ਨ ਨੂੰ ਲੈ ਕੇ ਅੱਗੇ ਵਧਦੀ ਰਹੇਗੀ। 
 ਸੋਭਾ ਯਾਤਰਾ ਵਿਚ ਹੁਕਮ ਚੰਦ ਜੈਤੋਂ, ਪ੍ਰੇਮ ਚੰਦ,ਪੂਨਮ ਪਾਲ,ਅਸ਼ੋਕ ਕੁਮਾਰ, ਗਾਂਧੀ ਸਿੰਘ, ਰਵਿੰਦਰ ਸਿੰਘ, ਰਜਿੰਦਰ ਸਿੰਘ, ਸੁਖਪਾਲ ਸਿੰਘ,ਰਾਮ ਪਾਲ, ਸਰਬਜੀਤ ਸਿੰਘ ਕਡਿਆਣਾ, ਸਰਪੰਚ ਦਰਸ਼ਨ ਸਿੰਘ ਅਤੇ ਭਾਰੀ ਗਿਣਤੀ ਸੰਗਤਾਂ ਹਾਜਰ ਸਨ।

Comments