ਹੁਸ਼ਿਆਰਪੁਰ ਨੇਚਰ ਫੈਸਟ-2026; ਕੁਦਰਤ, ਰੋਮਾਂਚ ਤੇ ਸੱਭਿਆਚਾਰ ਦਾ ਇੱਕ ਵਿਲੱਖਣ ਉਤਸਵ ਚੌਹਾਲ ਜੰਗਲ ਸਫਾਰੀ ਤੇ ਬੋਟਿੰਗ ਨਾਲ ਸੈਲਾਨੀਆਂ ਨੇ ਮਾਣਿਆ ਕੁਦਰਤ ਦਾ ਆਨੰਦ ਸੋਲਿਸ ਠਰੋਲੀ ‘ਚ ਨਾਈਟ ਕੈਂਪਿੰਗ ਤੇ ਓਪਨ ਮਾਈਕ ਨੇ ਬਣਾਈ ਯਾਦਗਾਰੀ ਸ਼ਾਮ ਆਫ਼-ਰੇਡਿੰਗ, ਟ੍ਰੈਕਿੰਗ ਤੇ ਬਰਡ ਵਾਚਿੰਗ ਦਾ ਅਨੁਭਵ ਸਭਿਆਚਾਰਕ ਪ੍ਰੋਗਰਾਮਾਂ ਤੇ ਸਟਾਲਾਂ ਨੇ ਵਧਾਈ ਉਤਸਵ ਦੀ ਰੌਣਕ ਕੁਦਰਤ ਨਾਲ ਜੁੜਨ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਪਹਿਲ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ 17 ਫਰਵਰੀ ਨੂੰ ਸਮਾਪਤੀ ਸਮਾਗਮ ‘ਚ ਗੁਰਦਾਸ ਮਾਨ ਸਿੰਗਰ ਟਾਈਟ ਰਹੇਗੀ ਮੁੱਖ ਖਿੱਚ ਦਾ ਕੇਂਦਰ 17 ਨੂੰ ਹੀ ਬੰਬੂਘਾਟ-2 ਦੀ ਸਟਾਰ ਕਾਸਟ ਵੀ ਦਰਸ਼ਕਾਂ ਨਾਲ ਹੋਵੇਗੀ ਰੂ-ਬ-ਰੂ ਜ਼ਿਲ੍ਹਾ ਵਾਸੀਆਂ ਨੂੰ ਪਰਿਵਾਰ ਸਮੇਤ ਸ਼ਾਮਲ ਹੋਣ ਦੀ ਕੀਤੀ ਅਪੀਲ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਹੁਸ਼ਿਆਰਪੁਰ ਵਿੱਚ ਆਯੋਜਿਤ ਨੇਚਰ ਫੈਸਟ-2026 ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਕੁਦਰਤ, ਰੋਮਾਂਚ ਅਤੇ ਸੱਭਿਆਚਾਰ ਦਾ ਸ਼ਾਨਦਾਰ ਸੰਗਮ ਬਣ ਕੇ ਉੱਭਰ ਰਿਹਾ ਹੈ। ਦੋ ਦਿਨਾਂ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੁਦਰਤ ਦੀ ਗੋਦ ਵਿੱਚ ਸਮਾਂ ਬਿਤਾਇਆ।
ਸ਼ਨੀਵਾਰ ਸਵੇਰੇ ਸੈਲਾਨੀਆਂ ਨੇ ਚੌਹਾਲ ਵਿੱਚ ਜੰਗਲ ਸਫਾਰੀ ਅਤੇ ਬੋਟਿੰਗ ਦਾ ਆਨੰਦ ਮਾਣਿਆ ਅਤੇ ਕੁਦਰਤੀ ਸੁੰਦਰਤਾ ਦਾ ਨੇੜਿਓਂ ਅਨੁਭਵ ਕੀਤਾ। ਐਤਵਾਰ ਸਵੇਰੇ ਟ੍ਰੈਕਿੰਗ, ਬਰਡ ਵਾਚਿੰਗ ਅਤੇ ਆਫ-ਰੋਡਿੰਗ ਗਤੀਵਿਧੀਆਂ ਰਾਹੀਂ ਭਾਗੀਦਾਰਾਂ ਨੇ ਕੁਦਰਤ ਦੇ ਵਿਭਿੰਨ ਰੰਗਾਂ ਨੂੰ ਜਾਣਿਆ।
ਸ਼ਨੀਵਾਰ ਸ਼ਾਮ ਨੂੰ ਸੋਲਿਸ ਠਰੋਲੀ ਵਿਖੇ ਆਯੋਜਿਤ ਨਾਈਟ ਕੈਂਪਿੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸੈਲਾਨੀਆਂ ਨੇ ਖੁੱਲ੍ਹੇ ਆਸਮਾਨ ਥੱਲੇ ਕੈਂਪਿੰਗ ਦਾ ਅਨੰਦ ਲਿਆ, ਜਦਕਿ ਓਪਨ ਮਾਈਕ ਅਤੇ ਸੰਗੀਤਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਯਾਦਗਾਰੀ ਬਣਾ ਦਿੱਤਾ।
ਐਤਵਾਰ ਸਵੇਰੇ ਲਾਜਵੰਤੀ ਸਪੋਰਟਸ ਸਟੇਡੀਅਮ ਤੋਂ ਕੁਕਾਨੇਟ-ਦੇਹਰੀਆਂ ਤੱਕ ਇੱਕ ਆਫ-ਰੋਡਿੰਗ ਐਡਵੈਂਚਰ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਲੋਕਾਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਵੱਖ-ਵੱਖ ਸਟਾਲਾਂ ਦਾ ਭਰਪੂਰ ਆਨੰਦ ਮਾਣਿਆ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਨੇਚਰ ਫੈਸਟ ਦਾ ਉਦੇਸ਼ ਸੈਲਾਨੀਆਂ ਨੂੰ ਹੁਸ਼ਿਆਰਪੁਰ ਦੀ ਕੁਦਰਤੀ ਸੁੰਦਰਤਾ ਅਤੇ ਸੈਰ-ਸਪਾਟਾ ਸੰਭਾਵਨਾ ਤੋਂ ਜਾਣੂ ਕਰਵਾਉਣਾ ਹੈ। ਇਹ ਸਮਾਗਮ ਲੋਕਾਂ ਨੂੰ ਰੋਮਾਂਚ ਅਤੇ ਮਨੋਰੰਜਨ ਨਾਲ ਕੁਦਰਤ ਦੇ ਨੇੜੇ ਲਿਆਉਣ ਲਈ ਇੱਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਦੱਸਿਆ ਕਿ 16 ਫਰਵਰੀ ਨੂੰ ਸੈਲਾਨੀਆਂ ਨੂੰ ਉੱਨਤੀ, ਫੈਪਰੋ ਅਤੇ ਸਿਟਰਸ ਯੂਨਿਟਾਂ ਦਾ ਉਦਯੋਗਿਕ ਦੌਰਾ ਕਰਵਾਇਆ ਜਾਵੇਗਾ।
ਮੀਆਵਾਕੀ ਸਾਈਟ ਵਿਜ਼ਟ, ਵਨ ਚੇਤਨਾ ਪਾਰਕ ਵਿਚ ਕਿਡਸ ਕਾਰਨੀਵਾਲ, ਲਾਜਵੰਤੀ ਸਟੇਡੀਅਮ ਵਿਖੇ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੇਸ਼ਕਾਰੀਆਂ ਅਤੇ ਮੁਕਾਬਲਿਆਂ ਦੇ ਨਤੀਜੇ 17 ਫਰਵਰੀ ਨੂੰ ਘੋਸ਼ਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸਿੰਗਰ ਨਾਈਟ ਖਿੱਚ ਦਾ ਕੇਂਦਰ ਰਹੇਗੀ। ਉਨ੍ਹਾਂ ਦੱਸਿਆ ਕਿ 17 ਤਰੀਕ ਨੂੰ ਹੀ ਬੰਬੂਘਾਟ-2 ਦੀ ਸਟਾਰ ਕਾਸਟ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀ ਹੈ, ਜਿਸ ਵਿੱਚ ਸਿੰਮੀ ਚਾਹਲ, ਐਮੀ ਵਿਰਕ, ਕਰਮਜੀਤ ਅਨਮੋਲ ਦਰਸ਼ਕਾਂ ਨਾਲ ਰੂ-ਬ-ਰੂ ਹੋਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਵਿਲੱਖਣ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਵਾਤਾਵਰਣ ਸੁਰੱਖਿਆ ਅਤੇ ਸਥਾਨਕ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੂੰ ਸਫਲ ਬਣਾਉਣ।
ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਐਸ.ਡੀ.ਐਮ ਮੁਕੇਰੀਆਂ ਓਇਸ਼ੀ ਮੰਡਲ, ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ, ਵਧੀਕ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

Comments
Post a Comment