ਬੱਚਿਆਂ ਦੀ ਦੇਖਭਾਲ/ਸਿੱਖਿਆ ਤੋਂ ਲੈ ਕੇ ਨੌਜਵਾਨਾਂ ਦੀ ਫਿਟਨੈੱਸ ਤੱਕ – ਸਾਡੀ ਪ੍ਰਾਥਮਿਕਤਾ: ਡਾ. ਇਸ਼ਾਂਕ ਜੈਤਪੁਰ ਵਿੱਚ ₹14 ਲੱਖ ਦੀ ਲਾਗਤ ਨਾਲ ਬਣੇ ਜਿਮ ਅਤੇ ਆੰਗਣਵਾਡੀ ਸਕੂਲ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜੈਤਪੁਰ ਵਿੱਚ ਅੱਜ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਨਵੇਂ ਬਣੇ ਜਿਮ ਅਤੇ ਆਂਗਣਵਾੜੀ ਕੇਂਦਰ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਡਾ. ਇਸ਼ਾਂਕ ਕੁਮਾਰ ਨੇ ਕਿਹਾ, “ਆਂਗਣਵਾੜੀ ਵਿੱਚ ਬੱਚਿਆਂ ਦੇ ਹਾਸਿਆਂ ਤੋਂ ਲੈ ਕੇ ਜਿੰਮ ਵਿੱਚ ਸਾਡੇ ਨੌਜਵਾਨਾਂ ਦੇ ਦ੍ਰਿੜ ਇਰਾਦੇ ਤੱਕ, ਇਹ ਉਹ ਭਵਿੱਖ ਹੈ ਜੋ ਅਸੀਂ ਰਲ ਕੇ ਬਣਾ ਰਹੇ ਹਾਂ| ਬੱਚਿਆਂ ਦੀ ਮੁਢਲੀ ਦੇਖਭਾਲ, ਸਿੱਖਿਆ ਤੋਂ ਲੈ ਕੇ ਨੌਜਵਾਨਾਂ ਦੀ ਫਿਟਨੈੱਸ ਤੱਕ, ਅਸੀਂ ਜ਼ਰੂਰੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਾਂ। ਇਹ ਸੁਵਿਧਾਵਾਂ ਸਾਡੇ ਨੌਜਵਾਨਾਂ ਦੀ ਸਿਹਤ ਅਤੇ ਭਲਾਈ ਨੂੰ ਵਧਾਉਣ ਦੇ ਨਾਲ- ਨਾਲ ਸਾਡੇ ਬੱਚਿਆਂ ਦੇ ਉਜਲੇ ਭਵਿੱਖ ਨੂੰ ਵੀ ਮਜ਼ਬੂਤ ਕਰਨਗੀਆਂ।”
ਵਿਧਾਇਕ ਡਾ. ਇਸ਼ਾਂਕ ਨੇ ਜੈਤਪੁਰ ਦੇ ਨਿਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਜਿਮ ਲਈ ₹5 ਲੱਖ ਦੀ ਗ੍ਰਾੰਟ ਜਾਰੀ ਕੀਤੀ ਗਈ ਸੀ, ਜਦਕਿ ਆਂਗਣਵਾੜੀ ਕੇਂਦਰ ਦਾ ਨਿਰਮਾਣ ₹9 ਲੱਖ ਦੀ ਗ੍ਰਾਂਟ ਨਾਲ ਕੀਤਾ ਗਿਆ ਹੈ।
ਜਿਮ ਵਿੱਚ ਆਧੁਨਿਕ ਉਪਕਰਣ ਉਪਲਬਧ ਕਰਵਾਏ ਗਏ ਹਨ, ਜਿਸ ਨਾਲ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਣਾ ਮਿਲੇਗੀ। ਦੂਜੇ ਪਾਸੇ, ਆਂਗਣਵਾੜੀ ਕੇਂਦਰ ਪਿੰਡ ਦੇ ਬੱਚਿਆਂ ਲਈ ਸ਼ੁਰੂਆਤੀ ਸਿੱਖਿਆ, ਪੋਸ਼ਣ ਅਤੇ ਮਹਿਲਾਵਾਂ ਲਈ ਸਿਹਤ ਸੇਵਾਵਾਂ ਦਾ ਮਹੱਤਵਪੂਰਨ ਕੇਂਦਰ ਸਾਬਤ ਹੋਵੇਗਾ। ਜੈਤਪੁਰ ਵਿੱਚ ਇਹ ₹14 ਲੱਖ ਦਾ ਨਿਵੇਸ਼ ਸਿਰਫ਼ ਇਮਾਰਤਾਂ ਬਣਾਉਣ ਲਈ ਨਹੀਂ, ਸਗੋਂ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਨੌਜਵਾਨਾਂ ਨੂੰ ਤੰਦਰੁਸਤੀ ਤੇ ਅਨੁਸ਼ਾਸਨ ਵੱਲ ਪ੍ਰੇਰਿਤ ਕਰਨ ਲਈ ਹੈ, ਉਹਨਾਂ ਕਿਹਾ |
ਵਿਧਾਇਕ ਡਾ. ਇਸ਼ਾਂਕ ਨੇ ਪਿੰਡ ਦੇ ਬਜ਼ੁਰਗ ਅਵਤਾਰ ਸਿੰਘ ਤੋਂ ਰਿਬਨ ਕਟਵਾ ਕੇ ਉਦਘਾਟਨ ਕਰਵਾਇਆ ਅਤੇ ਕਿਹਾ ਕਿ
ਜਦੋਂ ਸਾਡੇ ਬਜ਼ੁਰਗਾਂ ਦੀਆਂ ਦੁਆਵਾਂ ਮਿਲਦੀਆਂ ਹਨ, ਤਾਂ ਹੋਰ ਵੀ ਵਧੀਆ ਕੰਮ ਕਰਨ ਦਾ ਹੌਸਲਾ ਮਿਲਦਾ ਹੈ| ਇਸ ਦੌਰਾਨ ਸਰਪੰਚ ਬਲਜੀਤ ਕੌਰ ਨੇ ਆਪਣੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੈਤਪੁਰ ਦੇ ਲੋਕ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਮਹੱਤਵਪੂਰਨ ਪ੍ਰੋਜੈਕਟਾਂ ਦੇ ਪੂਰੇ ਹੋਣ ਨਾਲ ਜੈਤਪੁਰ ਅਤੇ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ।

Comments
Post a Comment