ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿਛਲੇ ਦਿਨ੍ਹੀਂ ਹਰਿਆਣਾ ਦੇ ਸ਼ਹਿਰ ਬਹਾਦਰਗੜ੍ਹ ਵਿੱਚ ਹੋਏ ਗੌਰੀ ਪ੍ਰੋ ਲੀਗ-2026 ਤਹਿਤ ਪਾਵਰ ਲਿਫਟਿੰਗ ਦੇ ਭਾਰਤ ਪੱਧਰੀ ਮੁਕਾਬਲੇ ਵਿੱਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਰੀਰਕ ਸਿੱਖਿਆ ਵਿਭਾਗ ਵਿੱਚ ਚੱਲਦੇ ਕੋਰਸ ਬੈਚੁਲਰ ਇੰਨ ਫਿਜੀਕਸ ਐਜੂਕੇਸ਼ਨ ਐਂਡ ਸਪੋਰਟਸ (ਬੀਪੀਈਐੱਸ ) ਦੇ ਸਮੈਸਟਰ ਪਹਿਲਾ ਦੇ ਤਿੰਨ ਵਿਦਿਆਰਥੀਆਂ ਨੇ ਵੱਖ ਵੱਖ ਭਾਰ ਵਰਗ ਵਿੱਚ ਕਾਂਸੀ ਤੇ ਚਾਂਦੀ ਦੇ ਤਮਗੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਅੱਜ ਕਾਲਜ ਵਿੱਚ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਖੇਡ ਸਮਾਰੋਹ ਦੇ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਵਿਦਿਆਰਥੀ ਆਸ਼ੀਸ਼ ਨੇ 74 ਕਿੱਲੋ ਭਾਰ ਵਰਗ ਦੇ ਸਬ ਜੂਨੀਅਰ ਤੇ ਜੂਨੀਅਰ ਕੈਟਾਗਰੀ ਤਹਿਤ ਕੁੱਲ 252.5 ਕਿਲੋ ਭਾਰ ਚੁੱਕ ਕੇ ਚਾਂਦੀ ਦੇ ਦੋ ਤਮਗੇ ਜਿੱਤੇ ਹਨ। ਇਸੇ ਤਰ੍ਹਾਂ ਵਿਦਿਆਰਥੀ ਹਰਵਿੰਦਰ ਸਿੰਘ ਰਾਣਾ ਨੇ 100 ਕਿਲੋ ਭਾਰ ਵਰਗ ਤਹਿਤ ਜੂਨੀਅਰ ਕੈਟਾਗਰੀ ਅਧੀਨ ਕੁੱਲ 210 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਵਿਦਿਆਰਥੀ ਰਣਜੀਤ ਸਿੰਘ ਨੇ ਵੀ ਪਾਵਰ ਲਿਫਟਿੰਗ ਦੇ ਉਕਤ ਮੁਕਾਬਲੇ ਵਿੱਚ ਭਾਗੀਦਾਰ ਬਣ ਕੇ ਚੰਗੀ ਕਾਰਗੁਜ਼ਾਰੀ ਦਿਖਾਈ। ਇਸ ਮੌਕੇ ਹਾਜ਼ਰ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਡਾ ਜੇ ਬੀ ਸੇਖੋਂ ਅਤੇ ਡਾ ਜਤਿੰਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ।
Comments
Post a Comment