ਪਿੰਡ ਖੰਨੀ ਵਿਖੇ ਮਾਤਾ ਕਲਿਆਣੀ ਮੰਦਰ 'ਚ ਸਾਲਾਨਾ ਭੰਡਾਰਾ ਅਤੇ ਸ੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ

 
 ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਨੀ ਵਿਖੇ ਜੇਜ਼ੋਂ ਰੋਡ 'ਤੇ ਸਥਿਤ ਪ੍ਰਾਚੀਨ ਮਾਤਾ ਕਲਿਆਣੀ ਮੰਦਰ ਵਿੱਚ ਸਮੂਹ ਕਮੇਟੀ ਮੈਂਬਰਾਂ ਵੱਲੋਂ ਪ੍ਰਧਾਨ ਤਿਲਕ ਰਾਜ ਖੰਨੀ ਦੀ ਅਗਵਾਈ ਵਿੱਚ ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ 25 ਜਨਵਰੀ ਤੋਂ ਹੋਈ, ਜਿਸ ਵਿੱਚ 25 ਜਨਵਰੀ ਨੂੰ ਸ੍ਰੀ ਮਦ ਭਾਗਵਤ ਸ਼ੋਭਾ ਯਾਤਰਾ ਨਿਕਾਲੀ ਗਈ ਅਤੇ ਸ੍ਰੀ ਮਦ ਭਾਗਵਤ ਕਥਾ 25 ਜਨਵਰੀ ਤੋਂ ਹੀ ਸਵੇਰੇ 11 ਵਜੇ ਤੋਂ 4 ਵਜੇ ਤੱਕ ਨਿਰੰਤਰ ਚੱਲੀ। ਇਸ ਦੌਰਾਨ ਕਥਾ ਵਿਆਸ ਆਚਾਰਯ ਦੀਪਕ ਸ਼ਾਸਤਰੀ ਵ੍ਰਿੰਦਾਵਨ ਧਾਮ ਮਥੁਰਾ ਵੱਲੋਂ ਸੰਗਤਾਂ ਨੂੰ ਸ੍ਰੀ ਮਦ ਭਾਗਵਤ ਕਥਾ ਨਾਲ ਨਿਹਾਲ ਕੀਤਾ ਗਿਆ। 31 ਜਨਵਰੀ ਨੂੰ ਸ੍ਰੀ ਮਦ ਕਥਾ ਦਾ ਵਿਰਾਮ ਹੋਇਆ, ਉਪਰੰਤ ਜ਼ਰੂਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਗਈਆਂ। ਪ੍ਰਧਾਨ ਤਿਲਕ ਰਾਜ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਵਾਰ 4 ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ। ਵਰਨਣ ਯੋਗ ਹੈ ਕਿ ਇਨ੍ਹਾਂ ਲੜਕੀਆਂ ਨੂੰ ਦਹੇਜ਼ ਦੇ ਰੂਪ ਵਿੱਚ ਕਮੇਟੀ ਵੱਲੋਂ ਘਰ ਦਾ ਪੂਰਾ ਸਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸ਼ਾਦੀਆਂ ਲਈ ਜ਼ਰੂਰਤਮੰਦ ਪਰਿਵਾਰਾਂ ਵੱਲੋਂ ਪਹਿਲਾਂ ਹੀ ਕਮੇਟੀ ਵਿੱਚ ਬੁਕਿੰਗ ਕਰਵਾਈ ਜਾਂਦੀ ਹੈ ਅਤੇ ਪੂਰੀ ਜਾਂਚ ਕੀਤੀ ਜਾਂਦੀ ਹੈ। ਜਦੋਂ ਕਮੇਟੀ ਨੂੰ ਪੂਰੀ ਤਰ੍ਹਾਂ ਯਕੀਨ ਹੋ ਜਾਂਦਾ ਹੈ ਕਿ ਜਿਸ ਪਰਿਵਾਰ ਨੇ ਕਮੇਟੀ ਨਾਲ ਸੰਪਰਕ ਕੀਤਾ ਹੈ, ਉਹ ਸੱਚਮੁੱਚ ਜ਼ਰੂਰਤਮੰਦ ਹੈ, ਫਿਰ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪੂਰਾ ਖਰਚਾ ਕਮੇਟੀ ਵੱਲੋਂ ਉਠਾਇਆ ਜਾਂਦਾ ਹੈ।ਇਸ ਮੌਕੇ 'ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਵੇਇਛਾ ਨਾਲ 40 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ 'ਤੇ ਪ੍ਰਧਾਨ ਤਿਲਕ ਰਾਜ ਨੇ ਦੱਸਿਆ ਕਿ ਕਲ 1 ਫਰਵਰੀ ਨੂੰ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਬ੍ਰਾਂਚ ਮਾਹਿਲਪੁਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਹੋਵੇਗਾ, ਜਿਸ ਵਿੱਚ ਮੁੱਖ ਕਲਾਕਾਰ ਭਗਵਾਨ ਦੀ ਮਹਿਮਾ ਦਾ ਗੁਣਗਾਨ ਕਰਨਗੇ, ਜਿਨ੍ਹਾਂ ਵਿੱਚ ਪਵਨ ਜਿੰਦਲ, ਸੰਦੀਪ ਉਧਨ ਵਾਲੀਆਂ ਅਤੇ ਸ਼ਾਮ ਰਾਜਾ ਸ਼ਾਮਲ ਹੋਣਗੇ। ਇਸ ਮੌਕੇ 'ਤੇ ਬਲਦੇਵ ਸਿੰਘ, ਪੰਡਤ ਰਾਮ ਲੁਭਾਇਆ, ਸੁਰੇਸ਼ ਕੁਮਾਰ, ਹਰਭਜਨ ਲਾਲ, ਰਾਜੇਸ਼ ਕੁਮਾਰ ਰਾਜਾ ਅਤੇ ਹਫਤਾ ਭਰ ਚੱਲੇ ਭੰਡਾਰੇ ਵਿੱਚ ਸਹਾਇਕ ਅਨਿਲ ਅਗਰਵਾਲ, ਜੋਗਿੰਦਰ ਪਾਲ ਮੈਨਨ, ਡਾਕਟਰ ਲਖਵਿੰਦਰ ਸਿੰਘ, ਪੰਡਤ ਕੈਲਾਸ਼, ਬੱਬੀ ਆਨੰਦ, ਰੋਹਨ ਵਿਜ ਅਤੇ ਮਾਤਾ ਕਲਿਆਣੀ ਵੈਲਫੇਅਰ ਸੁਸਾਇਟੀ, ਸਮੂਹ ਨਗਰ ਨਿਵਾਸੀ, ਇਲਾਕੇ ਦੇ ਪਿੰਡਾਂ ਦੇ ਦਾਨੀ ਸੱਜਣ ਅਤੇ ਹੋਰ ਪ੍ਰਮੁੱਖ ਲੋਕ ਰੋਜ਼ਾਨਾ ਸਮੇਂ-ਸਮੇਂ 'ਤੇ ਹਾਜਰ ਰਹੇ।

Comments