ਮਨਰੇਗਾ ਦੇ ਹੱਕ ਵਿੱਚ ਬਸਪਾ ਨੇ ਕੀਤਾ ਰੋਸ ਪ੍ਰਦਰਸ਼ਨ, ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ*ਭਾਜਪਾ ਤੇ ਆਪ ਸਰਕਾਰ ਖੋਹ ਰਹੀਆਂ ਮਜ਼ਦੂਰਾਂ ਤੋਂ ਰੁਜ਼ਗਾਰ - ਕਰੀਮਪੁਰੀ
ਹੁਸ਼ਿਆਰਪੁਰ 2 ਜਨਵਰੀ ਦਲਜੀਤ ਅਜਨੋਹਾ
ਬਹੁਜਨ ਸਮਾਜ ਪਾਰਟੀ ਵਲੋਂ ਅੱਜ ਹੁਸ਼ਿਆਰਪੁਰ ਵਿਖੇ ਮਨਰੇਗਾ ਦੇ ਹੱਕ ਵਿੱਚ ਅਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦੀਆਂ ਮਜ਼ਦੂਰ ਗਰੀਬ ਮਾਰੂ ਨੀਤੀਆਂ ਦੇ ਵਿਰੋਧ ਵਿਚ ਹੁਸ਼ਿਆਰਪੁਰ ਸ਼ਹਿਰ ਅੰਦਰ ਬਸਪਾ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਰੋਸ ਮਾਰਚ ਕਰਕੇ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦੇ ਰਾਸ਼ਟਰਪਤੀ ਨਾਂ ਤੇ ਡਿਪਟੀ ਕਮਿਸ਼ਨ ਰਾਹੀਂ ਮੰਗ ਪੱਤਰ ਭੇਜਿਆ ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਮਨਰੇਗਾ ਨੂੰ ਖਤਮ ਕਰਕੇ ਮਜ਼ਦੂਰਾਂ, ਕਿਰਤੀਆਂ ਦੇ ਹੱਕਾਂ ਤੇ ਡਾਕੇ ਮਾਰ ਰਹੀਆਂ ਹਨ। ਓਨਾਂ ਕਿਹਾ ਭਾਰਤ ਦਾ ਸੰਵਿਧਾਨ ਸਰਕਾਰ ਵਲੋੰ ਦੇਸ਼ ਦੇ ਨਾਗਰਿਕਾਂ ਦੀ ਰਾਖੀ ਕਰਨ,ਉਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਵਚਨਵੱਧ ਬਣਾਉਂਦਾ ਹੈ।ਓਨਾਂ ਕਿਹਾ "ਸਭਕਾ ਸਾਥ,ਸਭਕਾ ਵਿਕਾਸ" ਦੇ ਨਾਅਰੇ ਲਾਉਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਰੁਜ਼ਗਾਰ ਗਰੰਟੀ ਸਕੀਮ ਮਨਰੇਗਾ ਨੂੰ ਬਦਲਕੇ ਜੋ ਨਵਾਂ ਐਕਟ 2025 ਵਿਕਸਤ ਭਾਰਤ -ਗਰੰਟੀ ਫਾਰ ਰੋਜਗਾਰ ਐਂਡ ਅਜੀਵਕਾ ਮਿਸ਼ਨ (ਗ੍ਰਾਮੀਣ) ਬਣਾਇਆ ਹੈ ਉਸ ਨਾਲ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਦੂਰ ਕਰਨ ਦੀ ਸ਼ਾਜਿਸ਼ ਘੜੀ ਗਈ ਹੈ।
ਕਰੀਮਪੁਰੀ ਨੇ ਕਿਹਾ ਨਵੇਂ ਐਕਟ ਵਿਚ ਰੁਜ਼ਗਾਰ ਦੀ ਕੋਈ ਗਰੰਟੀ ਨਹੀਂ ਹੈ ਅਤੇ ਨਾ ਹੀ ਬੇ ਰੁਜਗਾਰੀ ਭੱਤੇ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਔਰਤਾਂ ਲਈ ਰੁਜ਼ਗਾਰ ਦੀ ਕੋਈ ਗਰੰਟੀ ਹੈ। ਓਨਾਂ ਕਿਹਾ ਨਾਮ ਬਦਲਣ ਨਾਲ ਕੋਈ ਫਰਕ ਨਹੀਂ ਪੈਣਾ ਬਲਕਿ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਤਹਿਤ ਮਜਦੂਰ ਨੂੰ ਸਾਲ ਅੰਦਰ 300 ਦਿਨ ਰੁਜ਼ਗਾਰ ਦੀ ਵਿਵਸਥਾ ਹੋਣੀ ਚਾਹੀਦੀ ਹੈ,ਮਜਦੂਰ ਦੀ ਦਿਹਾੜੀ 346 ਰੁਪਏ ਤੋਂ ਵਧਾਕੇ 700 ਰੁਪਏ ਹੋਣੀ ਚਾਹੀਦੀ ਹੈ ਅਤੇ ਕਰਮਚਾਰੀਆਂ ਵਾਲੀਆਂ ਸਹੂਲਤਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ।ਕਰੀਮਪੁਰੀ ਨੇ ਕਿਹਾ ਕਿ ਮਜ਼ਦੂਰ ਕਾਮੇ ਤੋਂ ਸਿਰਫ 8 ਘੰਟੇ ਹੀ ਕੰਮ ਲਿਆ ਜਾਣਾ ਚਾਹੀਦਾ ਹੈ।
ਕਰੀਮਪੁਰੀ ਨੇ ਕਿਹਾ ਕੇਂਦਰ ਵਲੋੰ ਮਨਰੇਗਾ ਲਈ ਸੂਬਾ ਸਰਕਾਰਾਂ ਤੋਂ 40 ਫੀਸਦੀ ਹਿੱਸਾ ਪਾਉਣ ਦਾ ਪ੍ਰਸਤਾਵ ਰਖਿਆ ਗਿਆ ਹੈ, ਓਨਾਂ ਕਿਹਾ ਜਿਹੜੀ ਸਰਕਾਰ ਕਰਜੇ ਚੁੱਕ ਕੇ ਆਪਣਾ ਢੰਗ ਟਪਾ ਰਹੀ ਹੈ ਅਤੇ ਪੰਜਾਬ ਦੀਆਂ ਤਿੰਨ ਹਜ਼ਾਰ ਦੇ ਕਰੀਬ ਜਾਇਦਾਦਾਂ ਵੇਚਣ ਲਈ ਨਿਸ਼ਾਨਦੇਹੀ ਕਰਾ ਰਹੀ ਹੈ ਉਹ ਇਹ ਹਿੱਸੇ ਨੂੰ ਕਿਥੋਂ ਪੂਰਾ ਕਰੇਗੀ।
ਕਰੀਮਪੁਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ,ਕਾਂਗਰਸ, ਅਕਾਲੀ ਸਾਰੇ ਗਰੀਬਾਂ ,ਦਲਿਤਾਂ, ਪਛੜਿਆਂ ਨਾਲ ਆਰਥਿਕ, ਸਮਾਜਿਕ,ਧਾਰਮਿਕ ਅਤੇ ਰਾਜਨੀਤਕ ਤੌਰ ਤੇ ਵਿਤਕਰਾ ਕਰ ਰਹੇ ਹਨ। ਉਨਾਂ ਕਿਹਾ ਪੰਜਾਬ ਅੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਸ੍ਰੀ ਖੁਰਾਲਗੜ ਸਾਹਿਬ ਨੂੰ ਸ਼ਰਾਬ ਅਤੇ ਨਸ਼ਿਆਂ ਦੇ ਵਪਾਰ ਦਾ ਕੇਂਦਰ ਬਣਾਉਣਾ ਗੁਰੂ ਮਹਾਰਾਜ ਅਤੇ ਨਾਮਲੇਵਾ ਸੰਗਤਾਂ ਦਾ ਵੱਡਾ ਅਪਮਾਨ ਹੈ। ਉਨਾਂ ਕਿਹਾ ਚਾਂਗ ਬਸੋਹਾ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਨੀਤੀ ਸਰਕਾਰ ਨੇ ਨਾ ਤਿਆਗੀ ਤਾਂ 15 ਜਨਵਰੀ ਤੋਂ ਬਸਪਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫਤਰ ਦੇ ਸਾਹਮਣੇ ਪੱਕਾ ਮੋਰਚਾ ਲਾਉਣ ਤੇ ਵਿਚਾਰ ਕਰ ਸਕਦੀ ਹੈ।
ਕਰੀਮਪੁਰੀ ਨੇ ਕਿਹਾ ਦਿੱਲੀ ਵਿਖੇ ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜਨ ਵਾਲੀ ਕੇਂਦਰ ਦੀ ਸਰਕਾਰ ਅਤੇ ਪਿੰਡ ਧਲੇਤਾ,ਵਿਧਾਨ ਸਭਾ ਹਲਕਾ ਫਿਲੌਰ (ਪੰਜਾਬ) ਵਿਖੇ ਗੁਰੂ ਰਵਿਦਾਸ ਗੁਰੂ ਘਰ ਤੇ ਹਮਲਾ ਕਰਨ ਵਾਲੀ ਆਪ ਸਰਕਾਰ ਦੋਨਾਂ ਗੁਰਦੁਆਰਿਆਂ ਤੇ ਹਮਲੇ ਤੋਂ ਬਾਅਦ ਚੁੱਪ ਰਹਿਣ ਵਾਲੇ ਕਾਂਗਰਸ ਅਤੇ ਅਕਾਲੀਆਂ ਨੂੰ 2027 ਚ ਰੱਦ ਕਰਕੇ ਗੁਰੂ ਸਾਹਿਬ ਦੀ ਸੋਚ ਦਾ ਬੇਗਮਪੁਰਾ ਬਣਾਵਾਂਗੇ। ਉਨਾਂ ਕਿਹਾ ਕਿ 2027 ਵਿੱਚ ਗੁਰੂ ਘਰਾਂ ਤੇ ਹਮਲੇ ਦਾ ਬਦਲਾ ਲਿਆ ਜਾਊਗਾ ਅਤੇ ਪਰਾਧੀਨਤਾ ਦਾ ਅੰਤ ਕਰਨ ਲਈ ਪੰਜਾਬ ਸੰਭਾਲੋ ਮਹਿਮ ਨੂੰ ਪਿੰਡ ਪਿੰਡ ਪਹੁੰਚਾਇਆ ਜਾਊਗਾ ਜਿਸ ਤਹਿਤ ਨਸ਼ਾ ਮੁਕਤ ਪੰਜਾਬ, ਬੇਰੁਜ਼ਗਾਰੀ ਮੁਕਤ ਪੰਜਾਬ,ਸਿੱਖਿਆ ਕ੍ਰਾਂਤੀ,ਸਿਹਤ ਕ੍ਰਾਂਤੀ,ਕਰਜੇ ਦੇ ਬੋਝ ਥੱਲਿਓਂ ਪੰਜਾਬ ਨੂੰ ਕੱਢਣਾ, ਕਿਸਾਨੀ ਦੇ ਮਸਲਿਆਂ ਨੂੰ ਹੱਲ ਕਰਨਾ,ਅਮਨ ਕਾਨੂੰਨ ਪੰਜਾਬ ਦੇ ਵਿੱਚ ਕਾਇਮ ਕਰਨਾ ਸ੍ਰੀ ਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਵਸਾਉਣ ਲਈ ਸਾਂਝੀਵਾਲਤਾ, ਭਾਈਚਾਰੇ, ਇੱਕਜੁੱਟਤਾ ਦੇ ਸੰਦੇਸ਼ ਤਹਿਤ ਸਿਹਤਮੰਦ ਪੰਜਾਬ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਪੰਜਾਬ ਸੰਭਾਲੋ ਮੁਹਿੰਮ ਤਹਿਤ ਆਦੇਸ਼ ਪੂਰਾ ਕਰਨ ਲਈ ਬਸਪਾ 2026 ਵਿਚ ਹਰ ਪਿੰਡ, ਹਰ ਘਰ ਅਤੇ ਹਰ ਵੋਟਰ ਨਾਲ ਸੰਪਰਕ ਬਣਾਏਗੀ।
Comments
Post a Comment