ਖੇਡਾਂ ਰਾਹੀਂ ਸਿਹਤਮੰਦ ਤੇ ਅਨੁਸ਼ਾਸਿਤ ਸਮਾਜ ਦਾ ਨਿਰਮਾਣ ਸਰਕਾਰ ਦੀ ਤਰਜ਼ੀਹ : ਵਿਧਾਇਕ ਬ੍ਰਮ ਸ਼ੰਕਰ ਜਿੰਪਾ-ਲਾਜਵੰਤੀ ਸਟੇਡੀਅਮ ‘ਚ ਨਵੇਂ ਸਾਲ ‘ਤੇ ਕਰਵਾਇਆ ਗਿਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ-ਖਿਡਾਰੀਆਂ ਦੇ ਰੋਸ਼ਨ ਭਵਿੱਖ ਦੀ ਅਰਦਾਸ ਦੇ ਨਾਲ ਨਵੇਂ ਸਾਲ ਦਾ ਸਵਾਗਤ
ਹੁਸ਼ਿਆਰਪੁਰ, 1 ਦਲਜੀਤ ਅਜਨੋਹਾ
ਨਵੇਂ ਸਾਲ ਦੇ ਸ਼ੁੱਭ ਮੌਕੇ 'ਤੇ ਖੇਡ ਵਿਭਾਗ, ਹੁਸ਼ਿਆਰਪੁਰ ਵੱਲੋਂ ਲਾਜਵੰਤੀ ਆਊਟਡੋਰ ਸਟੇਡੀਅਮ, ਹੁਸ਼ਿਆਰਪੁਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਮੇਅਰ ਸੁਰਿੰਦਰ ਕੁਮਾਰ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਨਿੱਜੀ ਸਹਾਇਕ ਪ੍ਰਦੀਪ ਸੈਣੀ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਸੰਗਤ ਦੇ ਨਾਲ ਨਵੇਂ ਸਾਲ ਦੀ ਅਰਦਾਸ ਕੀਤੀ।
ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕਰਨਾ ਬਹੁਤ ਸੁਭਾਗ ਦੀ ਗੱਲ ਹੈ। ਅਜਿਹੇ ਸਮਾਗਮ ਸਮਾਜ ਵਿੱਚ ਭਾਈਚਾਰਾ, ਆਪਸੀ ਸਦਭਾਵਨਾ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਕਦਰਾਂ-ਕੀਮਤਾਂ ਨਾਲ ਜੋੜਨ ਲਈ ਨਿਰੰਤਰ ਯਤਨਸ਼ੀਲ ਹੈ।
ਵਿਧਾਇਕ ਜਿੰਪਾ ਨੇ ਕਿਹਾ ਕਿ ਖੇਡਾਂ ਅਤੇ ਅਧਿਆਤਮਿਕਤਾ ਦਾ ਸੁਮੇਲ ਨੌਜਵਾਨਾਂ ਨੂੰ ਅਨੁਸ਼ਾਸਨ, ਸੰਜਮ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਦਾ ਹੈ। ਖੇਡ ਵਿਭਾਗ ਵੱਲੋਂ ਸਟੇਡੀਅਮ ਕੰਪਲੈਕਸ ਵਿੱਚ ਆਯੋਜਿਤ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਖਿਡਾਰੀਆਂ ਅਤੇ ਆਮ ਨਾਗਰਿਕਾਂ ਨੂੰ ਮਾਨਸਿਕ ਸ਼ਾਂਤੀ ਅਤੇ ਨਵੀਂ ਊਰਜਾ ਪ੍ਰਦਾਨ ਕਰਦੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਮਾਗਮ ਬਾਰੇ ਜਾਣਕਾਰੀ ਦਿੱਤੀ ਅਤੇ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਕੋਚ ਅਮਨਦੀਪ ਕੌਰ, ਬਲਬੀਰ ਸਿੰਘ, ਨਿਤੀਸ਼ ਕੁਮਾਰ, ਜੋਗੀ, ਹਰਜੰਗ ਸਿੰਘ, ਰੇਖਾ, ਰੇਣੂਕਾ ਦੱਤਾ, ਬਲਬੀਰ ਕੁਮਾਰ, ਜਗਦੀਸ਼ ਕੁਮਾਰ, ਹਰਜੀਤ ਸਿੰਘ ਤੋਂ ਇਲਾਵਾ ਖੇਡ ਵਿਭਾਗ ਦਾ ਸਮੂਹ ਸਟਾਫ਼ ਅਤੇ ਖਿਡਾਰੀ ਮੌਜੂਦ ਸਨ। ਇਹ ਸਮਾਗਮ ਅਰਦਾਸ ਅਤੇ ਗੁਰੂ ਦੇ ਲੰਗਰ ਨਾਲ ਸ਼ਰਧਾ ਨਾਲ ਸਮਾਪਤ ਹੋਇਆ।
Comments
Post a Comment