ਮਾਨਸਿਕ, ਆਰਥਿਕ, ਸਮਾਜਿਕ ਗੁਲਾਮੀ ਅਤੇ ਜਾਤੀਵਾਦ ਖਤਮ ਕਰਕੇ ਵਸੇਗਾ ਗੁਰੂ ਰਵਿਦਾਸ ਜੀ ਦਾ ਬੇਗਮਪੁਰਾ- ਸੰਤ ਸਰਵਣ ਦਾਸ,ਸੰਤ ਸਤਵਿੰਦਰ ਹੀਰਾ

 

 


ਹੁਸ਼ਿਆਰਪੁਰ /ਦਲਜੀਤ ਅਜਨੋਹਾ 
ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਕਿਹਾ ਕਿ ਅੱਜ ਲੋੜ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਨੂੰ ਸਮਾਜ ਅੰਦਰ ਲਾਗੂ ਕਰਕੇ ਸਮਾਜ ਵਿੱਚ ਏਕਤਾ, ਭਾਈਚਾਰਾ ਅਤੇ ਸਮਾਨਤਾ ਦੀ ਸੋਚ ਵਾਲਾ ਬੇਗਮਪੁਰਾ ਵਸਾਉਣ ਲਈ ਯਤਨ ਕੀਤੇ ਜਾਣ। ਉਨਾਂ ਕਿਹਾ ਸਤਿਗੁਰੂ ਰਵਿਦਾਸ ਜੀ ਦੇ "ਬੇਗਮਪੁਰਾ ਸ਼ਹਿਰ ਕੋ ਨਾਓ" ਦੇ ਸੰਕਲਪ ਨੂੰ ਪੂਰਾ ਕਰਨ ਲਈ ਮਾਨਸਿਕ, ਆਰਥਿਕ, ਸਮਾਜਿਕ ਗੁਲਾਮੀ ਅਤੇ ਜਾਤੀਵਾਦ ਨੂੰ ਜੜ ਤੋਂ ਖਤਮ ਕਰਨਾ ਅਹਿਮ ਜਰੂਰੀ ਹੈ, ਕਿਓਂਕਿ ਸਤਿਗੁਰੂ ਜੀ ਨੇ ਫ਼ੁਰਮਾਇਆ ਹੈ "ਪ੍ਰਾਧੀਨਤਾ ਪਾਪ ਹੈ ਜਾਣ ਲੇਹੁ ਰੈ ਮੀਤ" ਗੁਲਾਮੀ ਪਾਪ ਹੈ ਅਤੇ ਗੁਲਾਮਾਂ ਨੂੰ ਕੋਈ ਪਿਆਰ ,ਸਤਿਕਾਰ ਨਹੀਂ ਕਰਦਾ। ਇਸ ਕਰਕੇ ਮਾਨਸਿਕ, ਆਰਥਿਕ, ਸਮਾਜਿਕ ਗੁਲਾਮੀ ਅਤੇ ਜਾਤੀਵਾਦ ਦਾ ਖਾਤਮਾ ਕਰਕੇ ਹੀ ਸਤਿਗੁਰੂ ਰਵਿਦਾਸ ਜੀ ਦੇ ਸੁਪਨਿਆਂ ਦਾ ਬੇਗਮਪੁਰਾ ਵਸਾਇਆ ਜਾ ਸਕਦਾ ਹੈ। 
           ਸੰਤ ਸਰਵਣ ਦਾਸ, ਸੰਤ ਸਤਵਿੰਦਰ ਹੀਰਾ ਨੇ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਮਹਾਂਵਾਕ "ਐਸਾ ਚਾਹੁੰ ਰਾਜ ਮੈਂ ਜਹਾਂ ਮਿਲੇ ਸਭਨੁ ਕੋ ਅੰਨ, ਛੋਟ ਬੜੇ ਸਭ ਸਮੁ ਵਸੈ ਰਵਿਦਾਸ ਰਹੇ ਪ੍ਰਸੰਨ" ਇਨ੍ਹਾਂ ਸ਼ਬਦਾਂ ਵਿਚੋਂ ਸਤਿਗੁਰੂ ਜੀ ਦੇ ਅਸਲ ਬੇਗਮਪੁਰਾ ਸ਼ਹਿਰ ਦੀ ਝਲਕ ਦਿਖਾਈ ਦਿੰਦੀ ਹੈ। ਓਨਾਂ ਕਿਹਾ ਆਦਿ ਧਰਮ ਸਾਧੂ ਸਮਾਜ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਅਤੇ ਆਦਿ ਧਰਮ ਦੇ ਰਹਿਬਰਾਂ ਦੇ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਜਲਦ ਰੋਜ਼ਾਨਾ ਸਤਿਸੰਗ ਸਮਾਗਮ ਆਰੰਭ ਕੀਤੇ ਜਾ ਰਹੇ ਹਨ। ਓਨਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ "ਬੇਗਮਪੁਰਾ ਸ਼ਹਿਰ"ਦੇ ਸੰਕਲਪ ਨੂੰ ਮੰਜਿਲ ਵੱਲ ਲੈ ਕੇ ਜਾਣ ਲਈ ਪੜੇ ਲਿਖੇ ਬੁੱਧੀਜੀਵੀ ਵਰਗ ਅਤੇ ਯੂਥ ਨੂੰ ਆਦਿ ਧਰਮ ਮਿਸ਼ਨ ਦੇ ਪਲੇਟਫਾਰਮ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਆਦਿ ਧਰਮੀ ਕੌਮ ਧਾਰਮਿਕ, ਸਮਾਜਿਕ,ਆਰਥਿਕ ਅਤੇ ਰਾਜਨੀਤਕ ਤੌਰ ਤੇ ਮਜਬੂਤ ਹੋ ਕੇ ਅੱਗੇ ਵਧ ਸਕੇ ਅਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਨਹਿਰੀ ਬਣ ਸਕੇ।

Comments