ਫੋਸਟਰ ਕੇਅਰ ਤੇ ਸਪਾਂਸਰਸ਼ਿਪ ਯੋਜਨਾ ਨਾਲ ਲੋੜਵੰਦ ਬੱਚਿਆਂ ਨੂੰ ਮਿਲ ਰਹੀ ਪਰਿਵਾਰਕ ਸੁਰੱਖਿਆ - ਜ਼ਿਲ੍ਹਾ ਪ੍ਰੋਗਰਾਮ ਅਫ਼ਸਰ



ਹੁਸ਼ਿਆਰਪੁਰ, 2 ਦਲਜੀਤ ਅਜਨੋਹਾ 
        ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਪਾਂਸਰਸ਼ਿਪ ਸਕੀਮ (ਫੋਸਟਰ ਕੇਅਰ ਯੋਜਨਾ) ਤਹਿਤ ਅਨਾਥ ਬੱਚਿਆਂ ਅਤੇ ਉਨ੍ਹਾਂ ਬੱਚਿਆਂ ਦੀ ਦੇਖ-ਭਾਲ ਕੀਤੀ ਜਾ ਰਹੀ ਹੈ ਜੋ ਕਿਸੇ ਕਾਰਨ ਕਰਕੇ ਆਪਣੇ ਮਾਪਿਆਂ ਜਾਂ ਜੈਵਿਕ ਪਰਿਵਾਰ ਨਾਲ ਨਹੀਂ ਰਹਿ ਸਕਦੇ। ਇਸ ਯੋਜਨਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸੰਸਥਾਗਤ ਦੇਖ-ਭਾਲ ਦੀ ਬਜਾਏ ਇੱਕ ਸੁਰੱਖਿਅਤ ਅਤੇ ਪਿਆਰ ਭਰਿਆ ਪਰਿਵਾਰਕ ਮਾਹੌਲ ਪ੍ਰਦਾਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਫੋਸਟਰ ਕੇਅਰ ਸਕੀਮ ਤਹਿਤ ਅਜਿਹੇ ਬੱਚਿਆਂ ਨੂੰ ਇਕ ਸਮਰੱਥ ਅਤੇ ਇੱਛੁਕ ਪਰਿਵਾਰ ਨੂੰ ਸੌਂਪਿਆ ਜਾਂਦਾ ਹੈ, ਜੋ ਉਨ੍ਹਾਂ ਦੀ ਸਿੱਖਿਆ, ਸਿਹਤ, ਪੋਸ਼ਣ ਅਤੇ ਸਮੁੱਚੇ ਵਿਕਾਸ ਦੀ ਜ਼ਿੰਮੇਵਾਰੀ ਲੈਂਦਾ ਹੈ। ਭਾਵੇਂ ਇਹ ਪਰਿਵਾਰ ਬੱਚੇ ਦੇ ਕਾਨੂੰਨੀ ਮਾਪੇ ਨਹੀਂ ਬਣਦੇ, ਪਰ ਉਹ ਉਸਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਪਿਆਰ, ਸੁਰੱਖਿਆ ਅਤੇ ਦੇਖ-ਭਾਲ ਪ੍ਰਦਾਨ ਕਰਦੇ ਹਨ। ਸਰਕਾਰ ਬੱਚੇ ਦੀ ਦੇਖ-ਭਾਲ ਲਈ ਪਾਲਣ-ਪੋਸ਼ਣ ਵਾਲੇ ਪਰਿਵਾਰ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਅੱਗੇ ਦੱਸਿਆ ਕਿ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਯੋਜਨਾ ਤਹਿਤ ਉਨ੍ਹਾਂ ਬੱਚਿਆਂ ਨੂੰ ਲਾਭ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਦੋਵੇਂ ਮਾਤਾ-ਪਿਤਾ ਜਾਂ ਘਰ ਦੇ ਕਮਾਊ ਮੈਂਬਰ ਦੀ ਮੌਤ ਹੋ ਚੁੱਕੀ ਹੋਵੇ, ਜੋ ਐਚ.ਆਈ.ਵੀ ਤੋਂ ਪੀੜਤ ਹੋਣ ਜਾਂ ਜਿਨ੍ਹਾਂ ਦੇ ਮਾਤਾ-ਪਿਤਾ ਐਚ.ਆਈ.ਵੀ ਤੋਂ ਪੀੜਤ ਹੋਣ, ਜਿਨ੍ਹਾਂ ਦੇ ਮਾਤਾ-ਪਿਤਾ ਜਾ ਕਮਾਉਣ ਵਾਲੇ ਮੈਂਬਰ ਜੇਲ੍ਹ ਵਿਚ ਹੋਣ, ਦਿਵਿਆਂਗਤਾ ਜਾਂ ਲੰਬੀ ਬੀਮਾਰੀ ਤੋਂ ਪੀੜ੍ਹਤ ਹੋਣ, ਤਲਾਕਸ਼ੁਦਾ ਜਾਂ ਵਿਧਵਾ ਮਾਤਾਵਾਂ ਦੇ ਬੱਚੇ ਹੋਣ ਅਤੇ ਬਾਲ ਵਿਆਹ, ਬਾਲ ਮਜ਼ਦੂਰੀ, ਬਾਲ ਭਿਖਿਆ, ਬਾਲ ਤਸਕਰੀ ਜਾਂ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹੋਣ। ਯੋਜਨਾ ਦੇ ਤਹਿਤ ਜੇਕਰ ਪੇਂਡੂ ਖੇਤਰਾਂ ਵਿੱਚ ਸਾਲਾਨਾ ਪਰਿਵਾਰਕ ਆਮਦਨ 72,000 ਰੁਪਏ ਅਤੇ ਸ਼ਹਿਰੀ ਖੇਤਰਾਂ ਵਿੱਚ 96,000 ਰੁਪਏ ਤੋਂ ਘੱਟ ਹੈ, ਤਾਂ ਬੱਚੇ ਨੂੰ 18 ਸਾਲ ਦੀ ਉਮਰ ਤੱਕ ਪ੍ਰਤੀ ਮਹੀਨਾ 4,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਹ ਯੋਜਨਾ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਹਰ ਬੱਚਾ ਪਿਆਰ, ਸੁਰੱਖਿਆ ਅਤੇ ਬਿਹਤਰ ਭਵਿੱਖ ਦਾ ਹੱਕਦਾਰ ਹੈ ਅਤੇ ਬੱਚਿਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਨਾਲ-ਨਾਲ ਇਹ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ।

Comments