ਹੁਸ਼ਿਆਰਪੁਰ/ਦਲਜੀਤ ਅਜਨੋਹਾ
ਅੱਜ ਦੇ ਯੁੱਗ ਵਿੱਚ ਦਾਨੀਆਂ ਦੀ ਲੜੀ ਬਹੁਤ ਲੰਮੀ ਹੈ, ਪਰ ਜੈਨ ਭਾਈਚਾਰੇ ਦਾ ਦਿਲ ਤੋਂ ਧੰਨਵਾਦ ਕਰਨਾ ਬਣਦਾ ਹੈ ਕਿਉਂਕਿ ਇਸ ਭਾਈਚਾਰੇ ਨੇ ਨੇਤਰਦਾਨ ਅਤੇ ਸ਼ਰੀਰ ਦਾਨ ਕਰਨ ਵਿੱਚ ਸਮਾਜ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਲੜੀ ਵਿੱਚ, ਮੁਹੱਲਾ ਕੋਟਲਾ ਗੋਂਸਪੁਰ ਨਿਵਾਸੀ ਮਾਤਾ ਲਲਿਤਾ ਜੈਨ ਦੇ ਦੇਹਾਂਤ ਉਪਰੰਤ, ਉਨ੍ਹਾਂ ਦੇ ਪਰਿਵਾਰਕ ਮੈਂਬਰ ਰਮਨ ਜੈਨ (ਪਤੀ), ਆਕਾਸ਼ ਜੈਨ (ਪੁੱਤਰ), ਪ੍ਰਿੰਸੀ ਜੈਨ (ਪੁੱਤਰਵਧੂ) ਵੱਲੋਂ ਮਾਤਾ ਲਲਿਤਾ ਜੈਨ ਦੀਆਂ ਅੱਖਾਂ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ (ਰਜਿ.) ਹੁਸ਼ਿਆਰਪੁਰ ਰਾਹੀਂ ਸੰਕਾਰਾ ਆਈ ਹਸਪਤਾਲ ਲੁਧਿਆਣਾ ਨੂੰ ਦਾਨ ਕੀਤੀਆਂ ਗਈਆਂ। ਦਾਨ ਲੈਣ ਦੀ ਪ੍ਰਕਿਰਿਆ ਸੰਕਾਰਾ ਆਈ ਹਸਪਤਾਲ ਦੀ ਟੀਮ ਨੇ ਪੂਰੀ ਕੀਤੀ।
ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਜੇ. ਬੀ. ਬਹਲ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਤਾ ਲਲਿਤਾ ਜੈਨ ਜੀ ਦੀਆਂ ਅੱਖਾਂ ਨਾਲ ਦੋ ਵਿਅਕਤੀਆਂ ਦੀ ਹਨ੍ਹੇਰੀ ਜ਼ਿੰਦਗੀ ਨੂੰ ਰੋਸ਼ਨੀ ਮਿਲੇਗੀ, ਇੱਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਦੋ ਅੱਡ-ਅੱਡ ਮਰੀਜ਼ਾਂ ਵਿੱਚ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਾਰਨੀਅਲ ਬਲਾਈਂਡਨੈੱਸ ਦੇ ਮਰੀਜ਼ ਬਹੁਤ ਜ਼ਿਆਦਾ ਹਨ ਪਰ ਕਾਰਨੀਆ ਦੀ ਕਲੈਕਸ਼ਨ ਬਹੁਤ ਘੱਟ। ਫਿਰ ਵੀ ਸੋਸਾਇਟੀ ਦੀ ਜਾਗਰੂਕਤਾ ਮੁਹਿੰਮ ਕਾਰਨ ਲੋਕ ਨੇਤਰਦਾਨ ਵਿੱਚ ਭਾਗ ਲੈ ਰਹੇ ਹਨ ਅਤੇ ਹੁਣ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿਆਰਿਆਂ ਦੀਆਂ ਅੱਖਾਂ ਮਰਨ ਤੋਂ ਬਾਅਦ ਵੀ ਇਸ ਸੰਸਾਰ ਨੂੰ ਦੇਖਦੀਆਂ ਰਹਿਣ।
ਸੋਸਾਇਟੀ ਦੀ ਉਪ-ਪ੍ਰਧਾਨ ਵੀਨਾ ਚੋਪੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਰਨੋਪਰਾਂਤ ਅੱਖਾਂ 6 ਤੋਂ 8 ਘੰਟੇ ਤੱਕ ਜੀਵਿਤ ਰਹਿੰਦੀਆਂ ਹਨ ਅਤੇ ਜੇ ਉਹਨਾਂ ਦਾ ਸਮੇਂ ਸਿਰ ਦਾਨ ਕਰ ਦਿੱਤਾ ਜਾਏ ਤਾਂ ਕਾਰਨੀਅਲ ਅੰਧੇਪਨ ਨਾਲ ਪੀੜਤ ਵਿਅਕਤੀਆਂ ਦੀਆਂ ਅੱਖਾਂ ਵਿੱਚ ਦੁਬਾਰਾ ਰੋਸ਼ਨੀ ਭਰੀ ਜਾ ਸਕਦੀ ਹੈ।
ਇਸ ਮੌਕੇ ਅਸ਼ਵਿਨੀ ਕੁਮਾਰ ਦੱਤਾ, ਵੀਨਾ ਚੋਪੜਾ, ਈਸ਼ਾਨ ਜੈਨ, ਨਰੇਸ਼ ਜੈਨ, ਕ੍ਰਿਸ਼ਨ ਕਿਸ਼ੋਰ ਅਤੇ ਹੋਰ ਮੈਂਬਰ ਹਾਜ਼ਰ ਸਨ।

Comments
Post a Comment