ਹੁਸ਼ਿਆਰਪੁਰ। ਦਲਜੀਤ ਅਜਨੋਹਾ
ਮਾਰਕਿਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਨਿਯੁਕਤ ਕੀਤੇ ਜਾਣ ਤੇ ਪਾਰਟੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਦੇਸ਼ ਇੰਚਾਰਜ ਮਨੀਸ਼ ਸਿਸੋਦੀਆ ਤੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਦਾ ਖਾਸ ਤੌਰ ਤੇ ਧੰਨਵਾਦ ਕਰਦਿਆਂ ਆਖਿਆ ਕਿ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਤੇ ਜੋ ਭਰੋਸਾ ਜਤਾਇਆ ਹੈ, ਉਹ ਉਨ੍ਹਾਂ ਲਈ ਮਾਣ ਦੇ ਨਾਲ ਨਾਲ ਵੱਡੀ ਜ਼ਿੰਮੇਵਾਰੀ ਵੀ ਹੈ।
ਜਸਪਾਲ ਸਿੰਘ ਚੇਚੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਈਮਾਨਦਾਰ, ਮਿਹਨਤੀ ਤੇ ਜ਼ਮੀਨੀ ਵਰਕਰਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਪਾਰਟੀ ਲੀਡਰਸ਼ਿਪ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਆਖਿਆ ਕਿ ਉਹ ਪਾਰਟੀ ਦੀਆਂ ਨੀਤੀਆਂ ਤੇ ਸਰਕਾਰ ਦੀਆਂ ਲੋਕ ਭਲਾਈ ਵਾਲੀਆਂ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਵਫ਼ਾਦਾਰੀ ਤੇ ਈਮਾਨਦਾਰੀ ਨਾਲ ਕੰਮ ਕਰਨਗੇ।
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ, ਸਿਹਤ, ਰੋਜ਼ਗਾਰ, ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਲਗਾਤਾਰ ਪੱਕੇ ਕਦਮ ਚੁੱਕ ਰਹੀ ਹੈ। ਆਮ ਆਦਮੀ ਪਾਰਟੀ ਅੱਜ ਆਮ ਲੋਕਾਂ ਦੀਆਂ ਉਮੀਦਾਂ ਵਾਲੀ ਪਾਰਟੀ ਬਣ ਚੁੱਕੀ ਹੈ ਤੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਜਸਪਾਲ ਸਿੰਘ ਚੇਚੀ ਨੇ ਭਰੋਸਾ ਦਿਵਾਇਆ ਕਿ ਉਹ ਜ਼ਿਲ੍ਹਾ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਪਾਰਟੀ ਸੰਗਠਨ ਨੂੰ ਹੋਰ ਵੱਧ ਮਜ਼ਬੂਤ ਬਣਾਉਣਗੇ, ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਨਾਲ ਉਠਾਉਣਗੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਦਿਆਂ ਉਹ ਸੰਗਠਨ ਤੇ ਸਰਕਾਰ ਵਿਚਕਾਰ ਪੁਲ ਬਣ ਕੇ ਕੰਮ ਕਰਨਗੇ, ਤਾਂ ਜੋ ਆਮ ਲੋਕਾਂ ਤੱਕ ਸਰਕਾਰ ਦੀਆਂ ਸਕੀਮਾਂ ਦਾ ਪੂਰਾ ਲਾਭ ਪਹੁੰਚ ਸਕੇ।
Comments
Post a Comment