ਹੁਸ਼ਿਆਰਪੁਰ/ਦਲਜੀਤ ਅਜਨੋਹਾ
ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਇਤਿਹਾਸ ਅਤੇ ਭੂਗੋਲ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਇਸ ਵਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਿਰਦੇਸ਼ਕ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਹੁਰਾਂ ਦੀ ਅਗਵਾਈ ਵਿੱਚ ਜ਼ਿਲ੍ਹਾ ਮੋਗਾ ਵਿਖੇ ਕਰਵਾਏ ਪ੍ਰਸ਼ਨੋਤਰੀ ਮੁਕਾਬਲੇ ਦੇ ਵਰਗ ‘ੲ’ ਵਿੱਚੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਕਾਲਜ ਤਲਵਾੜਾ ਦੀ ਬੀ.ਏ. ਫਾਈਨਲ ਦੀ ਵਿਦਿਆਰਥਣ ਮਨਦੀਪ ਕੌਰ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ, ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ ਹੈ।
ਵਿਦਿਆਰਥਣ ਨੂੰ ਮਿਲੇ 2000 ਰੁਪਏ ਨਗਦ ਇਨਾਮ, ਮੈਡਲ, ਪ੍ਰਮਾਣ ਪੱਤਰ ਅਤੇ ਭਾਸ਼ਾ ਵਿਭਾਗ ਦਫ਼ਤਰ ਹੁਸਿਆਰਪੁਰ ਵੱਲੋਂ ਕਿਤਾਬਾਂ ਦੇ ਸੈੱਟ ਨਾਲ ਸਨਮਾਨਿਤ ਕਰਦਿਆਂ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਅਗਲੇਰੇ ਵੱਡੇ ਟੈਸਟ ਪਾਸ ਕਰਨ ਵਿੱਚ ਸਹਾਈ ਹੁੰਦੇ ਹਨ। ਜਦੋਂ ਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਸੁਪਨਾ ਆਈ.ਏ.ਐੱਸ. ਟੈਸਟ ਪਾਸ ਕਰਕੇ ਡਿਪਟੀ ਕਮਿਸ਼ਨਰ ਬਣਨ ਦਾ ਹੈ, ਤਾਂ ਸਹਾਇਕ ਕਮਿਸ਼ਨਰ ਨੇ ਉਸ ਨਾਲ ਆਈ.ਏ.ਐੱਸ. ਟੈਸਟ ਦੀ ਤਿਆਰੀ ਕਰਨ ਦੇ ਬਹੁਤ ਸਾਰੇ ਨੁਕਤੇ ਸਾਂਝੇ ਕਰਦਿਆਂ ਸ਼ਾਬਾਸ਼ ਦਿੱਤੀ।
ਪ੍ਰਸ਼ਨੋਤਰੀ ਮੁਕਾਬਲੇ ਬਾਰੇ ਵਿਸਤਾਰ ਨਾਲ ਗੱਲ ਕਰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਹਰ ਸਾਲ ਇਹ ਮੁਕਾਬਲੇ ਤਿੰਨ ਵਰਗਾਂ ਪਹਿਲਾ ਛੇਵੀਂ ਤੋਂ ਅੱਠਵੀਂ, ਦੂਜਾ ਨੌਵੀਂ ਤੋਂ ਬਾਰਵੀਂ ਅਤੇ ਤੀਜਾ ਗ੍ਰੇਜੂਏਸ਼ਨ ਦੇ ਵਿਦਿਆਰਥੀਆਂ ਦਾ ਕਰਵਾਇਆ ਜਾਂਦਾ ਹੈ। ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਇੱਕ ਹਜ਼ਾਰ, ਦੂਜਾ ਸਥਾਨ ਨੂੰ ਸੱਤ ਸੌ ਪੰਜਾਹ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਪੰਜ ਸੌ ਰੁਪਏ ਸਮੇਤ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ। ਸਟੇਟ ਪੱਧਰ ‘ਤੇ ਇਨਾਮਾਂ ਦੀ ਰਾਸ਼ੀ ਲਗਭਗ ਦੁਗਣੀ ਮਿਲਦੀ ਹੈ। ਇਨ੍ਹਾਂ ਮੁਕਾਬਲਿਆਂ ਨਾਲ ਜਿੱਥੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਬਲ ਮਿਲਦਾ ਹੈ, ਉਥੇ ਅਗਲੇਰੇ ਟੈਸਟਾਂ ਨੂੰ ਪਾਸ ਕਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਮੋਹ ਦੀ ਭਾਵਨਾ ਵੀ ਵਿਕਸਤ ਹੁੰਦੀ ਹੈ। ਇਸ ਸਮੇਂ ਭਾਸ਼ਾ ਵਿਭਾਗ ਦਫ਼ਤਰ ਤੋਂ ਸਟਾਫ ਮੈਂਬਰ ਬਿਰੇਂਦਰ ਸਿੰਘ, ਲਾਲ ਸਿੰਘ ਅਤੇ ਪੁਸ਼ਪਾ ਰਾਣੀ ਵੀ ਮੌਜੂਦ ਸਨ।

Comments
Post a Comment