14 ਦਸੰਬਰ ਨੂੰ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾ : ਜ਼ਿਲ੍ਹਾ ਚੋਣ ਅਫ਼ਸਰ -4 ਦਸੰਬਰ ਤੱਕ ਸਬੰਧਤ ਨਾਮਜ਼ਦਗੀ ਕੇਂਦਰ 'ਤੇ ਜਮ੍ਹਾ ਕਰਵਾਏ ਜਾ ਸਕਦੇ ਹਨ ਨਾਮਜ਼ਦਗੀ ਪੱਤਰ -ਹੁਸ਼ਿਆਰਪੁਰ ਜ਼ਿਲ੍ਹੇ ‘ਚ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾ ਅਤੇ 208 ਬਲਾਕ ਸੰਮਤੀਆਂ ਲਈ ਹੋਣਗੀਆਂ ਚੋਣਾਂ


ਹੁਸ਼ਿਆਰਪੁਰ/ਦਲਜੀਤ ਅਜਨੋਹਾ
      ਰਾਜ ਚੋਣ ਕਮਿਸ਼ਨ ਨੇ ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰਾਂ ਲਈ ਆਮ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਦੇ ਅਨੁਸਾਰ 14 ਦਸੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਅਤੇ 208 ਬਲਾਕ ਸੰਮਤੀਆਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਇਹ ਚੋਣਾਂ ਬੈਲਟ ਪੇਪਰ ਰਾਹੀਂ ਹੋਣਗੀਆਂ।
ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਕਿਹਾ ਕਿ ਚੋਣ ਪ੍ਰੋਗਰਾਮ ਦੇ ਅਨੁਸਾਰ ਉਮੀਦਵਾਰ 4 ਦਸੰਬਰ 2025 ਤੱਕ (ਸਵੇਰੇ 11:00 ਵਜੇ ਤੋਂ ਸ਼ਾਮ 03:00 ਵਜੇ ਤੱਕ) ਸਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਚ ਨਾਮਜ਼ਦਗੀ ਪੱਤਰ ਜਮ੍ਹਾ ਕਰਵਾ ਕਸਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ 2025 (ਸ਼ੁੱਕਰਵਾਰ) ਨੂੰ ਹੋਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਅੰਤਿਮ ਮਿਤੀ 6 ਦਸੰਬਰ 2025 (ਸ਼ਨੀਵਾਰ) ਨੂੰ ਦੁਪਹਿਰ 3:00 ਵਜੇ ਤੱਕ ਹੋਵੇਗੀ।
      ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਾਮਜ਼ਦਗੀਆਂ ਭਰਨ ਲਈ 11 ਨਾਮਜ਼ਦਗੀ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 10 ਨਾਮਜ਼ਦਗੀ ਕੇਂਦਰ ਪੰਚਾਇਤ ਸੰਮਤੀਆਂ ਲਈ ਅਤੇ ਇਕ ਜ਼ਿਲ੍ਹਾ ਪ੍ਰੀਸ਼ਦ ਲਈ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਲਈ ਕੋਰਟ ਰੂਮ, ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ, ਪੰਚਾਇਤ ਸੰਮਤੀ ਗੜ੍ਹਸ਼ੰਕਰ ਲਈ ਕੋਰਟ ਰੂਮ ਐਸ.ਡੀ.ਐਮ ਦਫ਼ਤਰ ਗੜ੍ਹਸ਼ੰਕਰ, ਪੰਚਾਇਤ ਸੰਮਤੀ ਮਾਹਿਲਪੁਰ ਲਈ ਮੀਟਿੰਗ ਹਾਲ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਹਿਲਪੁਰ, ਪੰਚਾਇਤ ਸੰਮਤੀ ਹੁਸ਼ਿਆਰਪੁਰ-1 ਲਈ ਕੋਰਟ ਰੂਮ ਐਸ.ਡੀ.ਐਮ ਦਫ਼ਤਰ ਹੁਸ਼ਿਆਰਪੁਰ, ਪੰਚਾਇਤ ਸੰਮਤੀ ਹੁਸ਼ਿਆਰਪੁਰ-2 ਲਈ ਕੋਰਟ ਰੂਮ ਤਹਿਸੀਲਦਾਰ ਹੁਸ਼ਿਆਰਪੁਰ, ਪੰਚਾਇਤ ਸੰਮਤੀ ਭੂੰਗਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ, ਪੰਚਾਇਤ ਸੰਮਤੀ ਟਾਂਡਾ ਲਈ ਐਸ.ਡੀ.ਐਮ ਦਫ਼ਤਰ ਟਾਂਡਾ, ਪੰਚਾਇਤ ਸੰਮਤੀ ਦਸੂਹਾ ਲਈ ਕੋਰਟ ਰੂਮ ਐਸ.ਡੀ.ਐਮ ਦਫ਼ਤਰ ਦਸੂਹਾ, ਪੰਚਾਇਤ ਸੰਮਤੀ ਮੁਕੇਰੀਆਂ ਲਈ ਕੋਰਟ ਰੂਮ ਐਸ.ਡੀ.ਐਮ ਦਫ਼ਤਰ ਮੁਕੇਰੀਆਂ, ਪੰਚਾਇਤ ਸੰਮਤੀ ਹਾਜੀਪੁਰ ਲਈ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਹਾਜੀਪੁਰ ਅਤੇ ਪੰਚਾਇਤ ਸੰਮਤੀ ਤਲਵਾੜਾ ਲਈ ਦਫ਼ਤਰ ਬਲਕਾ ਵਿਕਾਸ ਤੇ ਪੰਚਾਇਤ ਅਫ਼ਸਰ ਤਲਵਾੜਾ ਵਿਚ ਨਾਮਜ਼ਦਗੀ ਕੇਂਦਰ ਬਣਾਏ ਗਏ ਹਨ।
    ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਤੱਕ ਬੈਲੇਟ ਪੇਪਰ ਨਾਲ ਹੋਣਗੀਆਂ। ਪਾਈਆਂ ਗਈਆਂ ਵੋਟਾਂ ਦੀ ਗਿਣਤੀ 17 ਦਸੰਬਰ 2025 (ਬੁੱਧਵਾਰ) ਨੂੰ ਇਸ ਦੇ ਲਈ ਸਥਾਪਿਤ ਗਿਣਤੀ ਕੇਂਦਰਾਂ ਵਿਚ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਲਈ ਵੱਧ ਤੋਂ ਵੱਧ 2,55,000 ਰੁਪਏ ਅਤੇ ਪੰਚਾਇਤ ਸੰਮਤੀ ਉਮੀਦਵਾਰ ਲਈ 1,10,000 ਰੁਪਏ ਚੋਣ ਖ਼ਰਚੇ ਦੀ ਹੱਦ ਨਿਰਧਾਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਦਫ਼ਤਰ ਦੀ ਘੋਸ਼ਣਾ ਨਾਲ ਹੀ ਸਾਰੇ ਉਮੀਦਵਾਰਾਂ ਅਤੇ ਰਾਜ ਦੇ ਮਾਰਗਦਰਸ਼ਨ ਲਈ ਆਦਰਸ਼ ਚੋਣ ਜ਼ਾਬਤਾ ਜ਼ਿਲ੍ਹੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ, ਜੋ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਅਧੀਨ ਆਉਂਦੀ ਹੈ, ਦੇ ਮਾਲੀਆ ਖੇਤਰ ਵਿਚ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ ਅਤੇ ਇਹ ਪੂਰੀ ਚੋਣ ਪ੍ਰਕਿਰਿਆ ਸਮਾਪਤ ਹੋਣ ਤੱਕ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਤਹਿਤ ਇਹ ਚੋਣਾਂ ਪੂਰੀ ਤਰ੍ਹਾਂ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਈਆਂ ਜਾਣਗੀਆਂ

Comments