ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਜ ਦੇ ਪਿ੍ਰੰਸੀਪਲ਼ ਡਾ ਪਰਵਿੰਦਰ ਸਿੰਘ ਦੀ ਅਗਵਾਈ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ ਜੇ.ਬੀ. ਸੇਖੋਂ ਦੀ ਦੇਖ ਰੇਖ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ‘ਗੁਰੂ ਤੇਗ ਬਹਾਦਰ ਦੀ ਸ਼ਹਾਦਤ ਅਤੇ ਸਮਕਾਲੀ ਸਾਰਥਿਕਤਾ’ ਵਿਸ਼ੇ ‘ਤੇ ਕਰਵਾਏ ਇਸ ਲੈਕਚਰ ਮੌਕੇ ਸਿੱਖ ਚਿੰਤਕ ਪ੍ਰੋ ਅਵਤਾਰ ਸਿੰਘ ਫਗਵਾੜਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਿੱਖ ਐਜੂਕੇਸ਼ਨਲ ਕੌਂਸਲ ਦੇ ਖਜ਼ਾਨਚੀ ਵੀਰਇੰਦਰ ਸ਼ਰਮਾ, ਪਿ੍ਰੰ ਡਾ ਪਰਵਿੰਦਰ ਸਿੰਘ, ਪ੍ਰੋ ਅਜੀਤ ਲੰਗੇਰੀ ਅਤੇ ਡਾ ਜਗਤਾਰ ਨੇ ਸ਼ਿਰਕਤ ਕੀਤੀ। ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਹਾਜ਼ਰ ਸ਼ਖ਼ਸੀਅਤਾਂ ਲਈ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਭਾਰਤੀ ਇਤਿਹਾਸ ਦੀ ਅਦੁੱਤੀ ਘਟਨਾ ਸੀ ਜਿਸਨੇ ਪੂਰੇ ਵਿਸ਼ਵ ਨੂੰ ਮਨੁੱਖੀ ਆਜ਼ਾਦੀ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤੀ। ਇਸ ਮੌਕੇ ਮੁੱਖ ਬੁਲਾਰੇ ਪ੍ਰੋ ਅਵਤਾਰ ਸਿੰਘ ਨੇ ਆਪਣੇ ਲੈਕਚਰ ਦੌਰਾਨ ਸਿੱਖ ਇਤਿਹਾਸ, ਸਿੱਖ ਲਹਿਰ ਅਤੇ ਗੁਰਮਤਿ ਵਿਚਾਰਧਾਰਾ ਦੇ ਮਹੱਤਵਪੂਰਨ ਪ੍ਰਸੰਗਾਂ ਦਾ ਜਿਕਰ ਕੀਤਾ । ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਜਨਮ, ਬਚਪਨ, ਉਦਾਸੀਆਂ ਅਤੇ ਸ਼ਹਾਦਤ ਨਾਲ ਜੁੜੀਆਂ ਘਟਨਾਵਾਂ ਨੂੰ ਵੱਖ ਵੱਖ ਇਤਿਹਾਸਕਾਰਾਂ ਦੀਆਂ ਪੁਸਤਕਾਂ ਦੇ ਹਵਾਲੇ ਨਾਲ ਸਾਕਾਰ ਕੀਤਾ। ਉਨ੍ਹਾਂ ਸਿੱਖ ਚਿੰਤਨ ਵਿੱਚ ਸਰਬੱਤ ਦੇ ਭਲੇ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਲਈ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਦੀ ਦੇ ਬਲੀਦਾਨ ਦੀ ਪਰੰਪਰਾ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜਾ ਦਿੱਤਾ ਹੈ ਅਤੇ ਇਸ ਬਲੀਦਾਨ ਨੇ ਮਨੁੱਖ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਹਰ ਤਰ੍ਹਾਂ ਦੀ ਕੱਟੜਤਾ ਦੇ ਵਿਰੁੱਧ ਆਵਾਜ਼ ਉਠਾਉਣ ਦੀ ਪ੍ਰੇਰਨਾ ਦਿੱਤੀ ਹੈ। ਸਿੱਖ ਇਤਿਹਾਸ ਦੇ ਸਿਰਜਣ ਸਰੋਤਾਂ ਦੇ ਹਵਾਲੇ ਨਾਲ ਦਿੱਤੇ ਇਸ ਲੈਕਚਰ ਵਿੱਚ ਸਰੋਤੇ ਵਿਦਿਆਰਥੀਆਂ ਨੇ ਵੱਡੀ ਰੁਚੀ ਦਿਖਾਈ। ਸਮਾਰੋਹ ਦੇ ਸਮੁੱਚੇ ਪ੍ਰਭਾਵ ਬਾਰੇ ਡਾ ਜਗਤਾਰ ਨੇ ਸ਼ਬਦ ਸਾਂਝੇ ਕੀਤੇ ਅਤੇ ਪ੍ਰਬੰਧਕਾਂ ਨੂੰ ਅਜਿਹੇ ਸਮਾਰੋਹ ਲਈ ਮੁਬਾਰਕਬਾਦ ਦਿੱਤੀ। ਪ੍ਰੋ ਅਜੀਤ ਲੰਗੇਰੀ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਤਿਹਾਸਕ ਤੇ ਸਾਹਿਤਕ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੁਲਾਰੇ ਅਵਤਾਰ ਸਿੰਘ ਨੂੰ ਪੁਸਤਕਾਂ ਦੇ ਸੈੱਟ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਮੰਚ ਦੀ ਕਾਰਵਾਈ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋਂ ਨੇ ਚਲਾਈ। ਇਸ ਮੌਕੇ ਵਾਤਾਵਰਣ ਚਿੰਤਕ ਵਿਜੇ ਬੰਬੇਲੀ, ਸ਼ਾਇਰ ਰੁਪਿੰਦਰਜੋਤ ਸਿੰਘ ਬੱਬ ਮਾਹਿਲਪੁਰੀ, ਕਾਲਮਨਵੀਸ ਜਗਜੀਤ ਸਿੰਘ ਗਣੇਸ਼ਪੁਰ, ਸਾਬਕਾ ਸਰਪੰਚ ਬਲਵਿੰਦਰ ਬੱਬੂ ਮਨੋਲੀਆਂ, ਸਾਬਕਾ ਮੈਨੇਜਰ ਰਾਮ ਤੀਰਥ ਪਰਮਾਰ, ਚੈਂਚਲ ਸਿੰਘ ਬੈਂਸ, ਕਿਸਾਨ ਆਗੂ ਤਲਵਿੰਦਰ ਸਿੰਘ, ਗੀਤਕਾਰ ਗੁਰਮਿੰਦਰ ਕੈਂਡੋਵਾਲ, ਡਾ ਬਲਵੀਰ ਕੌਰ, ਡਾ ਪ੍ਰਭਜੋਤ ਕੌਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਮਨਦੀਪ ਕੁਮਾਰ, ਪ੍ਰੋ ਜਸਵਿੰਦਰ ਸਿੰਘ, ਡਾ ਦੇਵ ਕੁਮਾਰ, ਡਾ ਵਿਕਰਾਂਤ ਰਾਣਾ, ਡਾ ਰਾਕੇਸ਼ ਕੁਮਾਰ, ਡਾ ਵਰਿੰਦਰ, ਡਾ ਆਰਤੀ ਸ਼ਰਮਾ, ਡਾ ਕੋਮਲ ਬੱਧਣ, ਲੈੈਫਟੀਨੈਂਟ ਡਾ ਦੀਪਕ, ਪ੍ਰੋ ਅਨਿਲ ਕਲਸੀ, ਡਾ ਕੁਲਦੀਪ ਸਿੰਘ ਆਦਿ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Comments
Post a Comment