ਸਰਕਾਰ ਪਾਸ ਕਰੇ ਤਾਂ ਸ੍ਰੀ ਖੁਰਾਲਗੜ ਸਾਹਿਬ 'ਚ ਸਿੱਖਿਆ ਤੇ ਇਲਾਜ ਲਈ ਸੰਤ ਸਮਾਜ ਖੋਲ ਦੇਵੇਗਾ ਵੱਡੇ ਪ੍ਰੋਜੈਕਟ- ਸੰਤ ਨਿਰਮਲ ਦਾਸ ਬਾਬੇਜੌੜੇ, ਸੰਤ ਸਤਵਿੰਦਰ ਹੀਰਾ * ਸ੍ਰੀ ਖੁਰਾਲਗੜ ਸਾਹਿਬ ਵਿਖੇ ਵੀ ਸਿਹਤ,ਸਿੱਖਿਆ ਸਬੰਧੀ ਸੇਵਾਵਾਂ ਸ਼ੁਰੂ ਹੋਣਗੀਆਂ - ਭੈਣ ਸੰਤੋਸ਼ ਕੁਮਾਰੀ


ਹੁਸ਼ਿਆਰਪੁਰ /ਦਲਜੀਤ ਅਜਨੋਹਾ 
 ਸੰਤ ਬਾਬਾ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅੱਜ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਪਹੁੰਚੇ ਅਤੇ ਇਥੇ ਓਨਾਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਹਾਜਰ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਚੱਲ ਰਹੇ ਕਾਰਜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
                ਇਸ ਮੌਕੇ ਸੰਤ ਨਿਰਮਲ ਦਾਸ ਬਾਬੇਜੌੜੇ ਅਤੇ ਸੰਤ ਸਤਵਿੰਦਰ ਹੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਵਿਖੇ ਸਿੱਖਿਆ ਅਤੇ ਸਿਹਤ ਕ੍ਰਾਂਤੀ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਜਮੀਨ ਖ੍ਰੀਦੀ ਹੈ।ਉਨਾਂ ਕਿਹਾ ਜੇਕਰ ਸਰਕਾਰ ਪਾਸ ਕਰੇ ਤਾਂ ਇਥੇ ਸੰਗਤ ਦੇ ਭਲੇ ਵਾਸਤੇ ਪੰਜਾਬ ਅੰਦਰ ਸਿੱਖਿਆ ਤੇ ਸਿਹਤ ਵਿੱਚ ਵੱਡੀ ਕ੍ਰਾਂਤੀ ਲਿਆਓਣ ਲਈ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਸਕੂਲ,ਟੈਕਨੀਕਲ ਅਤੇ ਹਸਪਤਾਲ ਵਰਗੇ ਪ੍ਰੋਜੈਕਟ ਬਣਾਉਣਗੇ।  ਓਨਾਂ ਕਿਹਾ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਆਦਿ ਧਰਮ ਮਿਸ਼ਨ ਦਾ ਮੁੱਖ ਮਨੋਰਥ ਸੰਗਤ ਦੇ ਭਲੇ ਲਈ ਕਾਰਜ ਕਰਨਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਤੇ ਸਮਾਜ ਦੇ ਮਹਾਨ ਰਹਿਬਰਾਂ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। 
               ਇਸ ਮੌਕੇ ਹਾਜਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੀ ਬਿਲਡਿੰਗ ਇੰਚਾਰਜ ਭੈਣ ਸੰਤੋਸ਼ ਕੁਮਾਰੀ ਨੇ ਕਿਹਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸਿਹਤ,ਸਿੱਖਿਆ ਅਤੇ ਲੜਕੇ ਲੜਕੀਆਂ ਲਈ ਟੈਕਨੀਕਲ ਕਾਲਿਜ ਖੋਹਲਣ ਦੀ ਵੱਡੀ ਲੋੜ ਹੈ। ਉਨਾਂ ਕਿਹਾ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋੰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ, ਨਿਰਮਲਾ ਛਾਉਣੀ ਬੇਗਮਪੁਰਾ ਆਸ਼ਰਮ ਹਰਿਦੁਆਰ ਵਰਗੇ ਪ੍ਰੋਜੈਕਟ ਬਹੁਤ ਹੀ ਚੰਗੇ ਪ੍ਰਬੰਧਾਂ ਨਾਲ ਉਸਾਰੂ,ਅਗਾਂਹਵਧੂ ਸੋਚ ਤਹਿਤ ਚਲਾਏ ਜਾ ਰਹੇ ਹਨ। ਭੈਣ ਸੰਤੋਸ਼ ਨੇ ਕਿਹਾ ਕਿ ਸੰਤ ਨਿਰਮਲ ਦਾਸ ਬਾਬੇਜੋਡ਼ੇ ਜੀ ਦੀ ਅਗਵਾਈ ਹੇਠ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਹਰ ਸਾਲ ਹਜਾਰਾਂ ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਕਰਕੇ ਫ੍ਰੀ ਲੇਂਜ ਪਾਏ ਜਾਂਦੇ ਹਨ। ਓਨਾਂ ਕਿਹਾ ਸੰਗਤਾਂ ਦੀ ਸੁਵਿਧਾ ਲਈ ਜਲਦ ਹੀ ਸ੍ਰੀ ਖੁਰਾਲਗੜ ਸਾਹਿਬ ਵਿਖੇ ਵੀ ਇਸ ਤਰਾਂ ਦੀਆਂ ਸੇਵਾਵਾਂ ਨਿਰੰਤਰ ਸ਼ੁਰੂ ਹੋਣਗੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਹਰਿਆਣੇ ਦੀਆਂ ਸੰਗਤਾਂ ਹਾਜਰ ਸਨ।

Comments