ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਵੱਲੋਂ ਮਦਰ ਮੈਰੀ ਇੰਸਟੀਟਿਊਟ ਆਫ਼ ਨਰਸਿੰਗ ਵਿਖੇ ਵਰਲਡ ਏਡਜ਼ ਦਿਵਸ ਮਨਾਇਆ ਗਿਆ ਜਾਗਰੂਕਤਾ ਹੀ ਬਚਾਵ — ਏਡਜ਼ ਦਾ ਇਲਾਜ ਸਰਕਾਰੀ ਸਿਹਤ ਅਦਾਰਿਆਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ : ਡਾ. ਸਵਾਤੀ ਡੀ.ਐਮ.ਸੀ

.

ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਸਵਾਤੀ ਸ਼ੀਹਮਾਰ, ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਦੀ ਅਗਵਾਈ ਹੇਠ ਅਤੇ ਡਾ. ਜਸਲੀਨ ਕੌਰ ਮੈਡੀਕਲ ਅਫ਼ਸਰ ਇੰਚਾਰਜ ਨਸ਼ਾ ਛੁਡਾਊ ਕੇੰਦਰ ਅਤੇ ਪ੍ਰਿੰਸੀਪਲ ਡਾ. ਰਮਨਦੀਪ ਕੌਰ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਵੱਲੋਂ ਮਦਰ ਮੈਰੀ ਇੰਸਟੀਟਿਊਟ ਆਫ਼ ਨਰਸਿੰਗ, ਨਸਰਾਲਾ ਵਿੱਚ ਵਰਲਡ ਏਡਜ਼ ਦਿਵਸ ਮਨਾਇਆ ਗਿਆ। ਇਸ ਸਾਲ ਦੇ ਵਰਲਡ ਏਡਜ਼ ਦਿਵਸ ਦਾ ਥੀਮ “ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਏਡਜ਼ ਰਿਸਪਾਂਸ ਵਿੱਚ ਬਦਲਾਅ ਲਿਆਉਣਾ” ਰੱਖਿਆ ਗਿਆ ਹੈ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। 

ਕਾਰਜਕ੍ਰਮ ਦੌਰਾਨ ਡਾ. ਸਵਾਤੀ ਸ਼ੀਹਮਾਰ ਡੀ.ਐਮ.ਸੀ. ਨੇ ਵਿਦਿਆਰਥੀਆਂ ਨੂੰ ਐੱਚ.ਆਈ.ਵੀ./ਏਡਜ਼ ਦੇ ਕਾਰਣਾਂ, ਇਸ ਦੀ ਰੋਕਥਾਮ ਅਤੇ ਉਪਚਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਿਹਤ ਅਦਾਰਿਆਂ ਵਿੱਚ ਐੱਚ.ਆਈ.ਵੀ. ਦੀ ਜਾਂਚ, ਕਾਉੰਸਲਿੰਗ ਅਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਹੈ। ਉਨ੍ਹਾਂ ਨੇ ਦੱਸਿਆ ਕਿ ਆਈ.ਸੀ.ਟੀ.ਸੀ. ਸੈਂਟਰਾਂ ਵਿੱਚ ਸੰਕਰਮਣ ਦੀ ਜਾਂਚ ਅਤੇ ਕਾਉਂਸਲਿੰਗ ਕੀਤੀ ਜਾਂਦੀ ਹੈ ਅਤੇ ਏ.ਆਰ.ਟੀ. ਸੈਂਟਰਾਂ ਵਿੱਚ ਐੱਚ.ਆਈ.ਵੀ. ਪੌਜ਼ੀਟਿਵ ਮਰੀਜ਼ਾਂ ਦਾ ਨਿਯਮਿਤ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ।

ਇਸ ਮੌਕੇ ਡਾ. ਜਸਲੀਨ ਕੌਰ ਨੇ ਵੀ ਐੱਚ.ਆਈ.ਵੀ./ਏਡਜ਼ ਨਾਲ ਜੁੜੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ, ਸਮਾਜਕ ਭੇਦਭਾਵ ਨੂੰ ਖਤਮ ਕਰਨ ਅਤੇ ਸੁਰੱਖਿਆ ਉਪਾਅ ਅਪਣਾਉਣ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।

ਕਾਉਂਸਲਰ ਪਰਮਿੰਦਰ ਕੌਰ ਅਤੇ ਪ੍ਰਸ਼ਾਂਤ ਨੇ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਨਸ਼ੇ ਤੋਂ ਬਚਾਅ ਅਤੇ ਇਲਾਜ ਲਈ ਉਪਲਬਧ ਸੇਵਾਵਾਂ ਬਾਰੇ ਵੀ ਸੂਚਿਤ ਕੀਤਾ।

ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਏਡਜ਼ ਜਾਗਰੂਕਤਾ ਸੰਦੇਸ਼ ਨਾਲ ਸੰਬੰਧਿਤ ਪੋਸਟਰ ਤਿਆਰ ਕੀਤੇ। ਪ੍ਰਤੀਯੋਗਿਤਾ ਵਿੱਚ ਹਰਲੀਨ ਕੌਰ ਨੇ ਪਹਿਲਾ ਸਥਾਨ, ਰਮਨਦੀਪ ਕੌਰ ਨੇ ਦੂਜਾ ਸਥਾਨ, ਕਰੋਲ ਸਿੱਧੂ ਨੇ ਤੀਜਾ ਸਥਾਨ ਅਤੇ ਨਰੇਸ਼ ਸਿੰਘ ਨੇ ਰਨਰਅਪ ਸਥਾਨ ਹਾਸਲ ਕੀਤਾ।

ਕਾਰਜਕ੍ਰਮ ਦੇ ਅੰਤ ਵਿੱਚ ਹਾਜ਼ਰਗਣਾਂ ਨੂੰ ਐੱਚ.ਆਈ.ਵੀ./ਏਡਜ਼ ਦੀ ਰੋਕਥਾਮ, ਸੁਰੱਖਿਅਤ ਜੀਵਨ ਸ਼ੈਲੀ ਅਪਣਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਅਪੀਲ ਕੀਤੀ ਗਈ।

Comments