ਵਿਧਾਇਕ ਜਿੰਪਾ ਨੇ ਅੱਜੋਵਾਲ ਵਿਖੇ 35 ਲੱਖ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਐਂਡ ਵੈੱਲਨੈੱਸ ਸੈਂਟਰ ਦਾ ਰੱਖਿਆ ਨੀਂਹ ਪੱਥਰ -ਕਿਹਾ, ਪਿੰਡਾਂ ’ਚ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣਾ ਸਾਡੀ ਤਰਜੀਹ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜੋਵਾਲ ਵਿਚ ਹੈਲਥ ਐਂਡ ਵੈੱਲਨੈੱਸ ਸੈਂਟਰ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖ ਕੇ ਪਿੰਡ ਦੇ ਲੋਕਾਂ ਨੂੰ ਇਕ ਮਹੱਤਵਪੂਰਨ ਸਿਹਤ ਸੁਵਿਧਾ ਦਾ ਤੋਹਫ਼ਾ ਦਿੱਤਾ। ਇਹ ਕੇਂਦਰ ਲੱਗਭਗ 35 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਇਸ ਦੇ ਮੁਕੰਮਲ ਹੋਣ ਉਪਰੰਤ ਸਥਾਨਕ ਨਿਵਾਸੀਆਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦਾ ਲਾਭ ਆਪਣੇ ਹੀ ਇਲਾਕੇ ਵਿਚ ਉਪਲਬੱਧ ਹੋ ਸਕੇਗਾ।
ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡ-ਪਿੰਡ ਤੱਕ ਬਿਹਤਰ ਸਿਹਤ ਸੁਵਿਧਾਵਾਂ ਪਹੁੰਚਾਉਣ ਲਈ ਵਚਨਬੱਧ ਹੈ। ਇਸੇ ਲੜੀ ਵਿਚ ਅੱਜੋਵਾਲ ਵਿਚ ਬਣ ਰਿਹਾ ਹੈਲਥ ਐਂਡ ਵੈੱਲਨੈੱਸ ਸੈਂਟਰ ਪਿੰਡਾਂ ਦੇ ਵਸਨੀਕਾਂ ਲਈ ਅਤਿਅੰਤ ਲਾਭਕਾਰੀ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਨਿੱਕੀਆਂ- ਮੋਟੀਆਂ ਸਿਹਤ ਸਮੱਸਿਆਵਾਂ ਲਈ ਦੂਰ ਹਸਪਤਾਲਾਂ ਵਿਚ ਨਹੀਂ ਜਾਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਇਕ ਕਮਿਊਨਿਟੀ ਹੈਲਥ ਅਫ਼ਸਰ (ਸੀ.ਐਚ.ਓ), ਦੋ ਏ.ਐਨ.ਐਮਜ਼, ਇਕ ਐਲ.ਐਚ.ਵੀ, ਇਕ ਮਲਟੀਪਰਪਜ਼ ਹੈਲਥ ਵਰਕਰ (ਮੇਲ) ਅਤੇ ਆਸ਼ਾ ਵਰਕਰ ਤਾਇਨਾਤ ਕੀਤੇ ਜਾਣਗੇ। ਇਥੇ ਬੀ.ਪੀ, ਸ਼ੂਗਰ ਜਾਂਚ ਅਤੇ ਹੋਰ ਸਧਾਰਨ ਬਿਮਾਰੀਆਂ ਦੀਆਂ ਦਵਾਈਆਂ ਵੀ ਉਪਲਬੱਧ ਰਹਿਣਗੀਆਂ। ਇਸ ਦੇ ਨਾਲ ਹੀ ਜੱਚਾ-ਬੱਚਾ ਨਾਲ ਸਬੰਧਤ ਸਾਰੀਆਂ ਸਿਹਤ ਸੁਵਿਧਾਵਾਂ, ਗਰਭਵਤੀ ਔਰਤਾਂ ਦੀ ਦੇਖਭਾਲ ਅਤੇ ਨਵਜੰਮੇ ਬੱਚਿਆਂ ਦਾ ਮੁਫ਼ਤ ਅਤੇ ਸੰਪੂਰਨ ਟੀਕਾਕਰਨ ਵੀ ਯਕੀਨੀ ਬਣਾਇਆ ਜਾਵੇਗਾ।
ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਹਰੇਕ ਨਾਗਰਿਕ ਨੂੰ ਸਮੇਂ ਸਿਰ ਇਲਾਜ ਮਿਲੇ ਅਤੇ ਕਿਸੇ ਨੂੰ ਵੀ ਇਲਾਜ ਕਰਵਾਉਣ ਵਿਚ ਪ੍ਰੇਸ਼ਾਨੀ ਨਾ ਝੱਲਣੀ ਪਵੇ। ਪਿੰਡ ਅੱਜੋਵਾਲ ਵਿਚ ਹੈਲਥ ਐਂਡ ਵੈਲਨੈਸ ਸੈਂਟਰ ਦਾ ਨਿਰਮਾਣ ਇਸੇ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।
ਵਿਧਾਇਕ ਜਿੰਪਾ ਨੇ ਸਾਰੇ ਪਿੰਡਾਂ ਨੂੰ ਭਰੋਸਾ ਦਿਵਾਇਆ ਕਿ ਵਿਕਾਸ ਕੰਮਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅੱਗੇ ਵੀ ਹਲਕੇ ਲਈ ਨਵੀਆਂ ਯੋਜਨਾਵਾਂ ਲਿਆਂਦੀਆਂ ਜਾਣਗੀਆਂ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ, ਪ੍ਰਾਇਮਰੀ ਹੈਲਥ ਸੈਂਟਰ ਚੱਕੋਵਾਲ ਡਾ. ਮਨਪ੍ਰੀਤ ਕੌਰ, ਸਰਪੰਚ ਆਰਤੀ ਸ਼ਰਮਾ, ਕਮਲਜੀਤ ਬਹਿਲ, ਸੁਮਨ ਬਹਿਲ, ਰਾਮ ਲਾਲ, ਗਿਆਨ ਚੰਦ, ਰਿਸ਼ਭ ਰਾਣਾ, ਮਨਦੀਪ ਕੁਮਾਰ ਅਤੇ ਗਗਨ ਰਾਮਗੜ੍ਹੀਆ ਸਮੇਤ ਹੋਰ ਪਤਵੰਤੇ ਮੌਜੂਦ ਸਨ।

Comments
Post a Comment