ਹੁਸ਼ਿਆਰਪੁਰ/ਦਲਜੀਤ ਅਜਨੋਹਾ
ਚੱਬੇਵਾਲ ਵਿਧਾਨਸਭਾ ਹਲਕੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਹਲਕੇ ਦੇ ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਬਸੀ ਕਲਾਂ ਤੋਂ ਬਠੁੱਲਾ ਤੱਕ ਬਣਾਈ ਗਈ ਨਵੀਂ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਹੁਸ਼ਿਆਰਪੁਰ–ਗੜ੍ਹਸ਼ੰਕਰ ਰੋਡ ਨੂੰ ਬਿਛੋਹੀ ਰਾਹੀਂ ਬਸੀ ਜਮਾਲ ਖਾਂ ਨਾਲ ਜੋੜਦੀ ਹੈ, ਜਿਸ ਨਾਲ ਇਸ ਖੇਤਰ ਦੀ ਕਨੈਕਟਿਵਿਟੀ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਕੁੱਲ 5.25 ਕਿਲੋਮੀਟਰ ਲੰਬੀ ਇਸ ਸੜਕ ਵਿੱਚ 700 ਮੀਟਰ ਲੰਬਾਈ ਉਹ ਹੈ ਜਿਥੇ ਸੜਕ ਬਾਰ–ਬਾਰ ਟੁੱਟਦੀ ਸੀ, ਇਸ ਭਾਗ ਨੂੰ ਕੰਕਰੀਟ ਨਾਲ ਤਿਆਰ ਕੀਤਾ ਗਿਆ ਹੈ। ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਸੜਕ ਦੀ ਚੌੜਾਈ ਵੀ 10 ਫੁੱਟ ਤੋਂ ਵਧਾ ਕੇ 14 ਫੁੱਟ ਕਰ ਦਿੱਤੀ ਗਈ ਹੈ, ਜਿਸ ਨਾਲ ਯਾਤਾਯਾਤ ਹੁਣ ਹੋਰ ਸੁਗਮ ਅਤੇ ਸੁਰੱਖਿਅਤ ਹੋਵੇਗਾ।
ਸਥਾਨਕ ਲੋਕਾਂ ਦੀ ਸਾਲਾਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੇ ਹੋਏ, ਇਸ ਸੜਕ ਨੂੰ ਆਧੁਨਿਕ ਮਾਪਦੰਡਾਂ ਅਨੁਸਾਰ ਬਣਾਇਆ ਗਿਆ ਹੈ। ਉਦਘਾਟਨ ਸਮਾਰੋਹ ਦੌਰਾਨ ਹਾਜ਼ਰ ਪਿੰਡ ਵਾਸੀਆਂ ਨੇ ਵਿਧਾਇਕ ਡਾ. ਈਸ਼ਾਂਕ ਕੁਮਾਰ ਦਾ ਧੰਨਵਾਦ ਕੀਤਾ ਅਤੇ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਕਿਹਾ ਕਿ ਚੱਬੇਵਾਲ ਵਿਧਾਨਸਭਾ ਹਲਕੇ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ ਕਿਸੇ ਵੀ ਖੇਤਰ ਦੀਆਂ ਆਰਥਿਕ ਅਤੇ ਸਮਾਜਿਕ ਤਰੱਕੀ ਦੀ ਰੀੜ੍ਹ ਹੁੰਦੀਆਂ ਹਨ। ਇਸ ਸੜਕ ਦੇ ਬਣਨ ਨਾਲ ਨਾ ਸਿਰਫ਼ ਪਿੰਡ ਬਸੀ ਕਲਾਂ, ਬਠੁੱਲਾ, ਬੱਸੀ ਜਮਾਲ ਖਾਂ ਅਤੇ ਬਿਛੋਹੀ ਦੇ ਲੋਕਾਂ ਨੂੰ ਲਾਭ ਮਿਲੇਗਾ, ਸਗੋਂ ਨੇੜਲੇ ਇਲਾਕਿਆਂ ਵਿੱਚ ਆਵਾਜਾਈ ਵੀ ਆਸਾਨ ਹੋਵੇਗੀ। ਡਾ. ਈਸ਼ਾਂਕ ਕੁਮਾਰ ਨੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੜਕ ਦੀ ਚੌੜਾਈ ਵਧਾਈ ਗਈ ਹੈ ਅਤੇ ਲੋੜ ਪੈਣ ’ਤੇ ਹੋਰ ਸੁਧਾਰ ਵੀ ਕੀਤੇ ਜਾਣਗੇ।
ਵਿਧਾਇਕ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਬੇਵਾਲ ਹਲਕੇ ਵਿੱਚ ਪਾਣੀ ਸਪਲਾਈ, ਸੜਕ ਨਿਰਮਾਣ, ਸਟ੍ਰੀਟ ਲਾਈਟਾਂ, ਸਿੱਖਿਆ ਅਤੇ ਸਿਹਤ ਸੰਬੰਧੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ਵਿੱਚ ਹੋਰ ਕਈ ਵਿਕਾਸ ਪਰੌਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਜਿਸ ਨਾਲ ਪੂਰੇ ਹਲਕੇ ਨੂੰ ਸੰਪੂਰਨ ਰੂਪ ਵਿੱਚ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਚੱਬੇਵਾਲ ਵਿੱਚ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀਂ ਛੱਡਿਆ ਜਾਵੇਗਾ ਅਤੇ ਹਰ ਪਿੰਡ ਨੂੰ ਆਧੁਨਿਕ ਸੁਵਿਧਾਵਾਂ ਨਾਲ ਜੋੜਿਆ ਜਾਵੇਗਾ। ਨਵੀਂ ਬਣੀ ਸੜਕ ਦੇ ਸ਼ੁਰੂ ਹੋਣ ਨਾਲ ਖੇਤਰ ਵਾਸੀਆਂ ਵਿੱਚ ਰਾਹਤ ਅਤੇ ਸੰਤੋਖ ਦਾ ਮਾਹੌਲ ਹੈ।
ਲੋਕਾਂ ਦਾ ਕਹਿਣਾ ਹੈ ਕਿ ਹੁਣ ਸਕੂਲ, ਹਸਪਤਾਲ, ਬਜ਼ਾਰ ਅਤੇ ਹੋਰ ਜ਼ਰੂਰੀ ਥਾਵਾਂ ਤੱਕ ਪਹੁੰਚ ਪਹਿਲਾਂ ਨਾਲੋਂ ਤੇਜ਼ ਅਤੇ ਆਸਾਨ ਹੋਵੇਗੀ। ਸੁਰੱਖਿਅਤ ਅਤੇ ਸੁਗਮ ਆਵਾਜਾਈ ਪ੍ਰਣਾਲੀ ਨਾਲ ਰੋਜ਼ਾਨਾ ਦੇ ਜੀਵਨ ਅਤੇ ਸਥਾਨਕ ਗਤੀਵਿਧੀਆਂ ਵਿੱਚ ਵੀ ਸਕਾਰਾਤਮਕ ਬਦਲਾਅ ਆਉਣ ਦੀ ਉਮੀਦ ਹੈ। ਇਹ ਪ੍ਰੌਜੈਕਟ ਚੱਬੇਵਾਲ ਹਲਕੇ ਦੇ ਸਮੂਹਿਕ ਵਿਕਾਸ ਨੂੰ ਨਵੇਂ ਆਯਾਮ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

Comments
Post a Comment