ਵਿਜੀਲੈਂਸ ਜਾਗਰੂਕਤਾ ਸੈਮੀਨਾਰ ਦੌਰਾਨ ਭ੍ਰਿਸ਼ਟਾਚਾਰ ਖਿਲਾਫ ਡਟਣ ਦਾ ਦਿੱਤਾ ਸੱਦਾ


ਹੁਸ਼ਿਆਰਪੁਰ/,ਦਲਜੀਤ ਅਜਨੋਹਾ 
       'ਭ੍ਰਿਸ਼ਟਾਚਾਰ ਵਿਰੁੱਧ ਚੌਕਸੀ : ਸਾਡੀ ਸਾਂਝੀ  ਜ਼ਿੰਮੇਵਾਰੀ' ਥੀਮ ਤਹਿਤ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਵੱਲੋਂ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਸਪਤਾਹ ਤਹਿਤ ਅੱਜ ਉਪ-ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਮਨਦੀਪ ਸਿੰਘ ਦੀ ਅਗਵਾਈ ਹੇਠ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ,  ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਰਿਜਨਲ ਟ੍ਰਾਂਸਪੋਰਟ ਅਫ਼ਸਰ ਅਮਨਦੀਪ ਕੌਰ ਘੁੰਮਣ ਨੇ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ, ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ।
     ਉਪ-ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਮਨਦੀਪ ਸਿੰਘ ਨੇ ਇਸ ਮੌਕੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਸਹੁੰ ਚੁਕਾਈ।  ਉਨ੍ਹਾਂ ਵਿਜੀਲੈਂਸ ਬਿਊਰੋ ਦੀ ਕਾਰਜਸ਼ੈਲੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕੋਈ ਸਰਕਾਰੀ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਇਸ ਸਬੰਧੀ ਤੁਸੀਂ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਕਰ ਸਕਦੇ ਹੋ ਜਾਂ ਉਸ ਅਧਿਕਾਰੀ/ਕਰਮਚਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਵਿਜੀਲੈਂਸ ਬਿਊਰੋ ਪਾਸ ਗ੍ਰਿਫ਼ਤਾਰ ਕਰਵਾ ਸਕਦੇ ਹੋ। 
     ਇੰਸਪੈਕਟਰ ਸਾਕਸ਼ੀ ਸ਼ਰਮਾ ਵਿਜੀਲੈਸ ਬਿਊਰੋ ਹੁਸ਼ਿਆਰਪੁਰ ਨੇ ਇਸ ਮੌਕੇ ਦੱਸਿਆ ਕਿ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800-1800-1000, ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 95012-00200 ਅਤੇ ਵੈੱਬਸਾਈਟ www.vigilancebureau.punjab.gov.in ‘ਤੇ ਦਰਜ ਕਰਵਾ ਸਕਦਾ ਹੈ। ਉਨ੍ਹਾਂ ਸੈਮੀਨਾਰ ਵਿਚ ਸ਼ਾਮਿਲ ਕਾਲਜ ਦੇ ਡਾਇਰੈਕਟਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਿਚ ਇਕਜੁੱਟ ਹੋ ਕੇ ਦੇਸ਼ ਪ੍ਰਤੀ ਵਚਨਬੱਧ ਰਹਿਣ ਲਈ ਜਾਗਰੂਕ ਹੋ ਕੇ ਵਿਜੀਲੈਂਸ ਬਿਊਰੋ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
     ਇਸ ਮੌਕੇ ਵਿਜੀਲੈਂਸ ਵਿਭਾਗ ਨੂੰ ਭ੍ਰਿਸ਼ਟਾਚਾਰ ਸਬੰਧੀ ਇਤਲਾਹ ਦੇਣ ਸਬੰਧੀ ਟੋਲ ਫ੍ਰੀ ਨੰਬਰ,ਐਕਸ਼ਨ ਹੈਲਪ ਲਾਈਨ ਨੰਬਰ, ਡੀ.ਐਸ.ਪੀ ਵਿਜੀਲੈਂਸ ਹੁਸ਼ਿਆਰਪੁਰ ਦਾ ਨੰਬਰ ਅਤੇ  ਐਸ.ਐਸ.ਪੀ ਵਿਜੀਲੈਂਸ ਰੇਂਜ ਜਲੰਧਰ ਦੇ ਸੰਪਰਕ ਨੰਬਰਾਂ ਵਾਲੇ ਪੈਂਫਲਿਟ ਵੀ ਵੰਡੇ ਗਏ। 
      ਇਸ ਮੌਕੇ ਤਹਿਸੀਲਦਾਰ ਹੁਸ਼ਿਆਰਪੁਰ ਭੀਮ ਸੈਨ, ਪ੍ਰਿੰਸੀਪਲ ਵਿਧੀ ਭੱਲਾ ਤੋਂ ਇਲਾਵਾ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਅਧਿਕਾਰੀ/ਕਰਮਚਾਰੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Comments