ਵਿਧਾਇਕ ਜਿੰਪਾ ਨੇ ਬਿਰਧ ਆਸ਼ਰਮ ‘ਚ ਬਜ਼ੁਰਗਾਂ ਨਾਲ ਮਨਾਇਆ 'ਗਰੈਂਡ ਪੇਰੈਂਟਸ ਡੇਅ'



ਹੁਸ਼ਿਆਰਪੁਰ/ਦਲਜੀਤ ਅਜਨੋਹਾ 
        ਅੱਜ ਗਰੈਂਡ ਪੇਰੈਂਟਸ ਦਿਵਸ ਮੌਕੇ  ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਥਾਨਕ ਬਿਰਧ ਆਸ਼ਰਮ ਦਾ ਦੌਰਾ ਕੀਤਾ ਅਤੇ ਉਥੇ ਮੌਜੂਦ ਬਜ਼ੁਰਗਾਂ ਨਾਲ ਇਹ ਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਬਜ਼ੁਰਗਾਂ ਨਾਲ ਸਮਾਂ ਬਿਤਾਇਆ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਲਈ।
    ਵਿਧਾਇਕ ਜਿੰਪਾ ਨੇ ਕਿਹਾ ਕਿ ਬਜ਼ੁਰਗ ਸਮਾਜ ਦੀ ਵਿਰਾਸਤ ਹਨ, ਜਿਨ੍ਹਾਂ ਦੇ ਜੀਵਨ ਤਜ਼ਰਬੇ ਅਤੇ ਕਦਰਾਂ-ਕੀਮਤਾਂ ਅਗਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਬਣਦੇ ਹਨ। ਉਨ੍ਹਾਂ ਕਿਹਾ ਕਿ ਗਰੈਂਡ ਪੇਰੈਂਟਸ ਦਿਵਸ ਸਾਨੂੰ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਨਾਲ ਬਿਤਾਏ ਕੀਮਤੀ ਸਮੇਂ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਨੂੰ ਸਮਾਂ ਦੇਣ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਿਚ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾ ਰਹੀ ਹੈ ਅਤੇ ਸਮਾਜ ਦੇ ਹਰੇਕ ਵਰਗ ਦਾ ਫਰਜ਼ ਬਣਦਾ ਹੈ ਕਿ ਉਹ ਬਜ਼ੁਰਗਾਂ ਦਾ ਸਤਿਕਾਰ ਅਤੇ ਦੇਖ-ਭਾਲ ਯਕੀਨੀ ਬਣਾਏ। ਇਸ ਮੌਕੇ ਵਿਧਾਇਕ ਨੇ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਕੇਕ ਕੱਟਿਆ ਅਤੇ ਫਲ, ਮਠਿਆਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ।
    ਜਿੰਪਾ ਨੇ ਬਿਰਧ ਆਸ਼ਰਮ ਦੇ ਪ੍ਰਬੰਧਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਥੇ ਬਜ਼ੁਰਗਾਂ ਦੀ ਸੇਵਾ ਬਹੁਤ ਸ਼ਰਧਾ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਅਤੇ ਪ੍ਰਸ਼ਾਸਨ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ, ਤਾਂ ਜੋ ਇਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਵਿਧਾਇਕ ਜਿੰਪਾ ਨੇ ਸਮਾਜਿਕ ਸੰਸਥਾਵਾਂ ਅਤੇ ਸਵੈ-ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਜ਼ੁਰਗਾਂ ਦਾ ਮਨੋਬਲ ਵਧਾਉਣ ਅਤੇ ਉਨ੍ਹਾਂ ਨੂੰ ਘਰ ਵਰਗਾ ਮਹਿਸੂਸ ਕਰਵਾਉਣ ਲਈ ਸਮੇਂ-ਸਮੇਂ 'ਤੇ ਬਿਰਧ ਆਸ਼ਰਮਾਂ ਦਾ ਦੌਰਾ ਕਰਨ।
ਇਸ ਮੌਕੇ ਓਲਡ ਏਜ ਹੋਮ ਸਟਾਫ ਤੋਂ ਇਲਾਵਾ ਚੰਦਰ ਪ੍ਰਕਾਸ਼ ਸੈਣੀ, ਐਸ.ਬੀ.ਐਸ.ਡੀ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ, ਡਿੰਪਲ, ਅਮਿਤ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Comments