ਪੇਂਡੂ ਵਿਕਾਸ ਨੂੰ ਮਿਲੇਗੀ ਤੇਜ਼ੀ : ਫੱਤਾਕੁੱਲਾ-ਟਾਂਡਾ ਅਤੇ ਅਬਦੁੱਲਾਪੁਰ-ਮਿਆਣੀ ਸੜਕ ਦਾ ਨਿਰਮਾਣ ਕਾਰਜ ਜਲਦ ਹੋਵੇਗਾ ਸ਼ੁਰੂ -ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੰਡੀ ਬੋਰਡ ਦੇ ਕਾਰਜਕਾਰੀ ਨੂੰ ਪੱਤਰ ਲਿਖ ਕੇ ਨਿਰਮਾਣ ਕਾਰਜ ਸ਼ੁਰੂ ਕਰਨ ਦੇ ਦਿੱਤੇ ਨਿਰਦੇਸ਼



ਹੁਸ਼ਿਆਰਪੁਰ/ਦਲਜੀਤ ਅਜਨੋਹਾ 
      ਜ਼ਿਲ੍ਹਾ ਹੁਸ਼ਿਆਰਪੁਰ 'ਚ ਸੜਕਾਂ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਇਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਨੂੰ ਪੱਤਰ ਲਿਖ ਕੇ ਦੋ ਪ੍ਰਮੁੱਖ ਸੜਕਾਂ, ਫੱਤਾਕੁੱਲਾ ਤੋਂ ਟਾਂਡਾ ਹਾਈਵੇਅ ਅਤੇ ਅਬਦੁੱਲਾਪੁਰ-ਇਬਰਾਹਿਮਪੁਰ-ਮਿਆਣੀ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਡਿਪਟੀ ਕਮਿਸ਼ਨਰ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਪੇਂਡੂ ਵਿਕਾਸ ਅਤੇ ਖੇਤੀਬਾੜੀ-ਅਧਾਰਤ ਆਰਥਿਕਤਾ ਦੇ ਸੁਚਾਰੂ ਕੰਮਕਾਜ਼ ਲਈ ਬਿਹਤਰ ਸੜਕੀ ਨੈੱਟਵਰਕ ਜ਼ਰੂਰੀ ਹੈ। ਇਸ ਸਮੇਂ, ਫੱਤਾਕੁੱਲਾ ਪਿੰਡ ਤੋਂ ਟਾਂਡਾ ਹਾਈਵੇਅ ਤੱਕ ਸੜਕ ਬਹੁਤ ਹੀ ਖਸਤਾ ਹਾਲਤ ਵਿਚ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ, ਕਿਸਾਨਾਂ ਅਤੇ ਟਰਾਂਸਪੋਰਟਰਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਦੇ ਨਿਰਮਾਣ ਨਾਲ ਨਾ ਸਿਰਫ਼ ਲੋਕਾਂ ਦੀ ਆਵਾਜਾਈ ਨੂੰ ਸੁਵਿਧਾ ਮਿਲੇਗੀ, ਸਗੋਂ ਮੰਡੀਆਂ ਵਿਚ ਖੇਤੀਬਾੜੀ ਉਪਜ ਦੀ ਸਮੇਂ ਸਿਰ ਪਹੁੰਚ ਵੀ ਯਕੀਨੀ ਬਣੇਗੀ।

ਇਸੇ ਤਰ੍ਹਾਂ ਅਬਦੁੱਲਾਪੁਰ-ਇਬਰਾਹਿਮਪੁਰ-ਮਿਆਣੀ ਸੜਕ ਦੀ ਹਾਲਤ ਵੀ ਬਹੁਤ ਮਾੜੀ ਹੈ, ਜਿਸ ਕਾਰਨ ਰੋਜ਼ਾਨਾ ਆਵਾਜਾਈ ਅਤੇ ਮਾਲ ਢੋਆ-ਢੁਆਈ ਪ੍ਰਭਾਵਿਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਸ ਸੜਕ ਨੂੰ ਮਜ਼ਬੂਤ ਕਰਨ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਸਥਾਨਕ ਪੇਂਡੂ ਆਰਥਿਕਤਾ ਨੂੰ ਸਿੱਧਾ ਲਾਭ ਮਿਲੇਗਾ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਅਗਸਤ-ਸਤੰਬਰ 2025 ਵਿਚ ਆਏ ਹਾਲ ਹੀ ਦੇ ਹੜ੍ਹਾਂ ਦੌਰਾਨ ਜ਼ਿਲ੍ਹੇ ਦਾ ਦੌਰਾ ਕਰਨ ਵਾਲੇ ਰਾਜਪਾਲ, ਪੰਜਾਬ ਅਤੇ ਮੁੱਖ ਮੰਤਰੀ, ਪੰਜਾਬ ਨੇ ਵੀ ਇਨ੍ਹਾਂ ਦੋਵਾਂ ਸੜਕਾਂ ਨੂੰ ਪਹਿਲ ਦੇ ਆਧਾਰ 'ਤੇ ਬਣਾਉਣ ਦਾ ਐਲਾਨ ਕੀਤਾ ਸੀ, ਤਾਂ ਜੋ ਪੇਂਡੂ ਖੇਤਰਾਂ ਵਿਚ ਨਿਰਵਿਘਨ ਆਵਾਜਾਈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਨੂੰ ਇਨ੍ਹਾਂ ਦੋਵਾਂ ਸੜਕਾਂ ਦੇ ਨਿਰਮਾਣ ਕਾਰਜ ਨੂੰ ਜਲਦੀ ਮਨਜ਼ੂਰੀ ਦੇਣ ਅਤੇ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਸਥਾਨਕ ਨਿਵਾਸੀਆਂ ਅਤੇ ਕਿਸਾਨ ਭਾਈਚਾਰੇ ਨੂੰ ਜਲਦੀ ਰਾਹਤ ਮਿਲ ਸਕੇ।

Comments