ਹੁਸ਼ਿਆਰਪੁਰ/ਦਲਜੀਤ ਅਜਨੋਹਾ
ਦਫ਼ਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਵਿੱਚ ਜੂਨੀਅਰ ਸਹਾਇਕ ਦੇ ਤੌਰ ’ਤੇ ਪਿਛਲੇ 20 ਸਾਲਾਂ ਤੋਂ ਸੇਵਾਵਾਂ ਨਿਭਾ ਰਹੀ ਮੈਡਮ ਗੁਰਮਿੰਦਰ ਕੌਰ ਨੂੰ ਸੇਵਾਮੁਕਤੀ ਦੇ ਮੌਕੇ ’ਤੇ ਭਾਵੁਕ ਵਿਦਾਈ ਦਿੱਤੀ ਗਈ। ਇਸ ਮੌਕੇ ਦਫ਼ਤਰ ਸਟਾਫ ਵੱਲੋਂ ਉਨ੍ਹਾਂ ਨੂੰ ਫੁੱਲਮਾਲਾਵਾਂ ਪਵਾ ਕੇ ਅਤੇ ਸਮਰਪਣ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮਾਹੌਲ ਭਾਵੁਕ ਹੋ ਗਿਆ ਅਤੇ ਸਭ ਨੇ ਉਨ੍ਹਾਂ ਦੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਦੀ ਖੂਬ ਸਰਾਹਨਾ ਕੀਤੀ।
ਸਮਾਰੋਹ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਕੈਂਡਰੀ ਅਤੇ ਐਲੀਮੈਂਟਰੀ ਸਿੱਖਿਆ ਲਲਿਤਾ ਅਰੋੜਾ ਨੇ ਕਿਹਾ ਕਿ ਗੁਰਮਿੰਦਰ ਕੌਰ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਸਿੱਖਿਆ ਵਿਭਾਗ ਦੀਆਂ ਨੀਤੀਆਂ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸਹਿਯੋਗੀ ਸੁਭਾਉ ਅਤੇ ਸਰਲ ਪ੍ਰਕਿਰਤੀ ਕਾਰਨ ਦਫ਼ਤਰ ਸਟਾਫ ਹਮੇਸ਼ਾ ਉਨ੍ਹਾਂ ਨਾਲ ਜੁੜਿਆ ਮਹਿਸੂਸ ਕਰਦਾ ਰਿਹਾ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਅਮਨਦੀਪ ਸ਼ਰਮਾ ਨੇ ਵੀ ਉਨ੍ਹਾਂ ਦੇ ਯੋਗਦਾਨ ਨੂੰ ਅਮੂਲ ਕਹਿੰਦੇ ਹੋਏ ਕਿਹਾ ਕਿ ਗੁਰਮਿੰਦਰ ਕੌਰ ਨੇ ਆਪਣੇ ਕਾਰਜਕਾਲ ਦੌਰਾਨ ਵਿਭਾਗ ਨੂੰ ਪਰਿਵਾਰ ਵਾਂਗ ਸਮਝ ਕੇ ਹਰ ਜ਼ਿੰਮੇਵਾਰੀ ਬਖ਼ੂਬੀ ਨਿਭਾਈ।
ਇਸ ਮੌਕੇ ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਰਾਜ ਵਾਈਸ ਚੇਅਰਮੈਨ ਅਨਿਰੁੱਧ ਮੋਦਗਿਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਗੁਰਮਿੰਦਰ ਕੌਰ ਵਰਗੇ ਕਰਮਚਾਰੀ ਵਿਭਾਗ ਦੀ ਅਸਲੀ ਧਰੋਹਰ ਹੁੰਦੇ ਹਨ। ਉਨ੍ਹਾਂ ਦਾ ਕਾਰਜਕਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਰਹੇਗਾ। ਉਨ੍ਹਾਂ ਨੇ ਯੂਨੀਅਨ ਵੱਲੋਂ ਉਨ੍ਹਾਂ ਨੂੰ ਉਜਜਵਲ ਭਵਿੱਖ ਅਤੇ ਚੰਗੀ ਸਿਹਤ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਗਮ ਵਿੱਚ ਸੁਪਰੀਟੈਂਡੈਂਟ ਸ਼ਿਆਮ ਸੁੰਦਰ ਗੁਪਤਾ, ਸੁਪਰੀਟੈਂਡੈਂਟ ਹਰਜੀਤ ਸਿੰਘ, ਸਤਵੀਰ ਸਿੰਘ, ਜੀਵਨ ਲਾਲ, ਬਲਵੀਰ ਸਿੰਘ, ਭੂਪਿੰਦਰ ਕੁਮਾਰ, ਭਾਰਤ, ਇੰਦੂ ਸ਼ਰਮਾ, ਨਿਰਮਲ ਰਾਜਪੂਤ, ਰਜਨੀਸ਼ ਕੁਮਾਰ, ਸਤੀਸ਼ ਕੁਮਾਰ, ਨਰਿੰਦਰ ਸਿੰਘ ਸੇਖੋਂ, ਅਮਰਦੀਪ, ਮੁਕੇਸ਼ ਬਾਲੀ, ਪਰਮਜੀਤ ਕੌਰ, ਅੰਜੂ ਸੈਨੀ, ਸੁਖਦੀਪ, ਨਵਨੀਤ ਸਿੰਘ, ਜਗਦੀਪ ਕੌਰ ,ਮਨਵਿੰਦਰ, ਕਰਮਜੀਤ ਕੌਰ, ਰਾਜਿੰਦਰ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
ਵਿਦਾਈ ਸਮਾਰੋਹ ਦੇ ਅੰਤ ਵਿੱਚ ਸਭ ਨੇ ਗੁਰਮਿੰਦਰ ਕੌਰ ਦੇ ਤੰਦਰੁਸਤ, ਸੁਖਮਈ ਅਤੇ ਸਨਮਾਨਪੂਰਣ ਜੀਵਨ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਘਾਟ ਦਫ਼ਤਰ ਵਿੱਚ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ।

Comments
Post a Comment