ਫੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਫੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ‘ਫੁਲਕਾਰੀ ਦੀ ਕਲਾ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਰਵੀਨ ਫੁਲਕਾਰੀ ਹਾਊਸ, ਤਰਨ ਤਾਰਨ ਤੋਂ  ਮਨਪ੍ਰੀਤ ਕੌਰ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਅਜਿਹੇ ਵਰਕਸ਼ਾਪ ਸਮਾਰੋਹਾਂ ਤੋਂ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਰਿਸੋਰਸ ਪਰਸਨ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਫੁਲਕਾਰੀ ਕਲਾ ਦੇ ਇਤਿਹਾਸ ਬਾਰੇ ਦੱਸਿਆ ਅਤੇ ਫੁਲਕਾਰੀ ਕਲਾ ਦੇ ਖੇਤਰ ਵਿੱਚ ਵੱਖ ਵੱਖ ਵੰਨਗੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਫੈਸ਼ਨ ਡਿਜਾਇਨਿੰਗ ਕੋਰਸ ਕਰਨ ਉਪਰੰਤ  ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਸਹਿਤ ਦੱਸਿਆ। ਉਨ੍ਹਾਂ ਕਿਹਾ ਕਿ ਫੁਲਕਾਰੀ ਕਲਾ ਦੇ ਖੇਤਰ ਵਿੱਚ ਹੀ ਨਿਪੁੰਨਤਾ ਹਾਸਿਲ ਕਰਕੇ ਵਿਦਿਆਰਥੀ ਸਵੈ ਰੁਜ਼ਗਾਰ ਦੇ ਧਾਰਨੀ ਹੋ ਸਕਦੇ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਰਿਸੋਰਸ ਪਰਸਨ ਮਨਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ। ਵਿਭਾਗ ਦੇ ਮੁਖੀ ਪ੍ਰੋ ਰਾਜਵਿੰਦਰ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਇਸ ਮੌਕੇ  ਫੈਸ਼ਨ ਡਿਜਾਇਨਿੰਗ ਵਿਭਾਗ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Comments