ਜਿਆਣ ਤੋਂ ਭੁੱਲੇਵਾਲ ਗੁੱਜਰਾਂ ਹੜ੍ਹਾਂ ਨਾਲ ਤਬਾਹ ਹੋਈ ਮੇਨ ਸੜ੍ਹਕ ਨੂੰ ਹਾਕਮਾਂ ਤੇ ਅਧਿਕਾਰੀਆਂ ਦੀ ਉਡੀਕ ਆਵਾਜਾਈ ਕਾਰਨ ਜਾਨਲੇਵਾ ਹਾਦਸੇ ਦਾ ਖਦਸ਼ਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਬੀਤੇ ਕਈ ਦਿਨਾਂ ਤੋਂ ਜਿਆਣ ਤੋਂ ਬਰਾਸਤਾ ਭੁੱਲੇਵਾਲ ਗੁੱਜਰਾਂ ਜੇਜੋਂ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਸੜਕ ਸਰਕਾਰੀ ਅਣਗਹਿਲੀ ਕਾਰਨ ਥਾਂ ਥਾਂ ਤੋਂ ਬਹੁਤ ਬੁਰੀ ਤਰਾਂ ਟੁੱਟ ਚੁੱਕੀ ਹੈ ਤੇ ਆਪਣੀ ਮੁਰੰਮਤ ਲਈ ਹਾਕਮਾਂ ਤੇ ਸਰਕਾਰੀ ਅਧਿਕਾਰੀਆਂ ਦੀ ਉਡੀਕ ਕਰ ਰਹੀ ਹੈ।ਪਿੰਡ ਨੰਗਲ ਖਿਲਾੜੀਆਂ ਕੋਲ ਹੜ੍ਹਾਂ ਦਾ ਬੇਥਾਹ ਪਾਣੀ ਖੇਤਾਂ ਰਾਹੀਂ ਸੜਕ ਤੋਂ ਟੱਪਣ ਕਾਰਨ  ਸੜਕ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਤੇ ਡੂੰਘੇ ਟੋਇਆਂ ਵਿੱਚ ਤਬਦੀਲ ਹੋ ਗਈ।ਜਿੱਥੋਂ ਪੈਦਲ ਲੰਘਣਾਂ ਵੀ ਮੁਸ਼ਕਿਲ ਹੈ।ਗੋਹਗੜੋਂ ਤੇ ਨੰਗਲ ਖਿਲਾੜੀਆਂ ਦੇ ਲੋਕਾਂ ਨੂੰ ਆਪਣੇ ਖੇਤਾਂ ਚੋਂ ਚਾਰਾ ਵੱਢਣ ਜਾਣ ਲਈ ਕਈ ਕਿਲੋਮੀਟਰ ਘੁੰਮ ਕੇ ਆਉਣਾਂ ਪੈਂਦਾ ਹੈ।ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਰਾਹੀਂ ਵਾਰ ਵਾਰ ਲੋਕਾਂ ਨੂੰ ਇਸ ਸੜਕ ਤੇ ਬਿਲਕੁਲ ਨਾ ਆਉਣ ਲਈ ਬੇਨਤੀਆਂ ਕਰਨ ਦੇ ਬਾਵਜੂਦ ਬਹੁਤ ਅਣਜਾਣੇ ਲੋਕ ਇਸ ਰਸਤੇ ਲੰਘ ਰਹੇ ਹਨ ਜਿਸ ਕਾਰਨ ਕਿਸੇ ਵੇਲੇ ਵੀ ਭਿਆਨਕ ਜਾਨਲੇਵਾ ਹਾਦਸਾ ਵਾਪਰ ਸਕਦੈ।ਇਲਾਕਾ ਨਿਵਾਸੀਆਂ ਦੀ ਸਰਕਾਰ ਤੇ ਵਿਭਾਗ ਨੂੰ ਪੁਰਜ਼ੋਰ ਮੰਗ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਰਿਪੇਅਰ ਕਰਵਾਇਆ ਜਾਵੇ।ਜਦੋਂ ਤੱਕ ਸਰਕਾਰ ਹੋਰ ਕੁੱਝ ਕਰਨ ਚ ਅਸਮਰੱਥ ਹੈ ਉਨਾਂ ਚਿਰ ਮਿੱਟੀ ਪਵਾ ਕੇ ਟੋਇਆਂ ਨੂੰ ਜ਼ਰੂਰ ਪੂਰਿਆ ਜਾਵੇ।ਤਾਂ ਜੋ ਲੋਕਾਂ ਨੂੰ ਪੈਦਲ ਅਤੇ ਦੋ ਪਹੀਆ ਵਹੀਕਲਾਂ ਨਾਲ ਲੰਘਣ ਦੀ ਸੌਖ ਹੋ ਜਾਵੇ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੁੱਭਮ ਕੁਮਾਰ ਵਾਸੀ ਡੰਡੋਹ ਹਿਮਾਚਲ ਪ੍ਰਦੇਸ਼ ਇਸ ਰਸਤੇ ਲੰਘਦਾ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ ਸੀ ਜਿਸ ਦੀ ਜਾਨ ਨੂੰ ਸਥਾਨਕ ਨੌਜਵਾਨਾਂ ਨੇ ਬੜੀ ਮੁਸ਼ਕਿਲ ਨਾਲ ਬਚਾਇਆ ਪਰ ਉਸ ਦਾ ਮੋਟਰਸਾਈਕਲ ਹੜ੍ਹ ਗਿਆ ਸੀ ਜੋ ਤਿੰਨ ਦਿਨਾਂ ਬਾਅਦ ਲੱਭ ਕੇ ਉਸ ਨੂੰ ਸੌਂਪਿਆ ਗਿਆ।ਸਥਾਨਕ ਲੋਕਾਂ ਨੇ ਇੱਕ ਵਾਰ ਆਪਣੇ ਖਰਚੇ ਤੇ ਇਸ ਸੜਕ ਦੀ ਰਿਪੇਅਰ ਕਰਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਸੀ ਪਰ ਦੁਬਾਰਾ ਤੇਜ਼ ਪਾਣੀ ਨੇ ਸੜਕ ਦਾ ਬਿਲਕੁਲ ਸਤਿੱਆਨਾਸ ਕਰ ਦਿੱਤਾ।ਅੱਜ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ,ਸਰਪੰਚ ਕੁਲਦੀਪ ਸਿੰਘ ਸ਼ੇਰਪੁਰ,ਸਮਾਜ ਸੇਵਕ ਜਸਵਿੰਦਰ ਸਿੰਘ ਬੰਗਾ,ਗਾਇਕ ਗੁਰਪ੍ਰੀਤ ਮਾਹਿਲਪੁਰੀ,ਵਿੱਕੀ ਕਹਾਰਪੁਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸਰਕਾਰ ਨੂੰ ਜਲਦ ਤੋਂ ਜਲਦ ਇਸ ਸੜ੍ਹਕ ਦੀ ਸਾਰ ਲੈਣ ਲਈ ਕਿਹਾ ਤੇ ਨਾਲ ਹੀ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਜਿੰਨਾ ਚਿਰ ਸਰਕਾਰ ਇਸ ਸੜ੍ਹਕ ਵਿੱਚ ਪਏ ਡੂੰਘੇ ਟੋਇਆਂ ਨੂੰ ਪੂਰ ਨਹੀਂ ਦਿੰਦੀ ਉੱਨੀ ਦੇਰ ਇਸ ਅਸੁਰੱਖਿਅਤ ਸੜਕ ਤੋਂ ਲੰਘਣ ਦੀ ਕੋਸ਼ਿਸ਼ ਨਾ ਕਰਨ।

Comments