ਡੀ.ਜੀ.ਪੀ. ਨਰੇਸ਼ ਅਰੋੜਾ ਨੇ ਆਪਣੇ ਪੁਲਿਸ ਸਫ਼ਰ, ਪੰਜਾਬ ਸਰਕਾਰ ਦੀਆਂ ਮੁਹਿੰਮਾਂ ਅਤੇ ਮਨੁੱਖੀ ਅਧਿਕਾਰ ਕਾਰਜਾਂ ਬਾਰੇ ਰੱਖੀ ਸਪਸ਼ਟ ਰਾਏ



 ਚੰਡੀਗੜ੍ਹ/ਦਲਜੀਤ ਅਜਨੋਹਾ 
ਪੰਜਾਬ ਪੁਲਿਸ ਹੈੱਡਕੁਆਰਟਰ, ਸੈਕਟਰ-9 ਚੰਡੀਗੜ੍ਹ ਵਿੱਚ ਹੋਈ ਖ਼ਾਸ ਗੱਲਬਾਤ ਦੌਰਾਨ ਪੰਜਾਬ ਦੇ ਸਪੈਸ਼ਲ ਡੀ.ਜੀ.ਪੀ. ਨਰੇਸ਼ ਅਰੋੜਾ ਨੇ ਆਪਣੇ ਪੁਲਿਸ ਸਫ਼ਰ, ਸਰਕਾਰ ਦੀਆਂ ਤਰਜੀਹਾਂ ਅਤੇ ਵਿਭਾਗੀ ਕਾਰਜਸ਼ੈਲੀ ਨਾਲ ਸਬੰਧਿਤ ਕਈ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਮੁਲਾਕਾਤ ਵਿੱਚ ਉਨ੍ਹਾਂ ਨੇ ਏ.ਐਸ.ਪੀ. ਤੋਂ ਡੀ.ਜੀ.ਪੀ. ਤੱਕ ਦੀ ਯਾਤਰਾ, ਪੰਜਾਬ ਸਰਕਾਰ ਦੀ “ਯੁੱਧ ਨਸ਼ੀਆਂ ਵਿਰੁੱਧ” ਮੁਹਿੰਮ, ਧਾਨ ਦੀ ਖ਼ਰੀਦ ਅਤੇ ਲਿਫਟਿੰਗ ਦੀ ਪ੍ਰਕਿਰਿਆ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਕਾਰਜਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ।
ਡੀ.ਜੀ.ਪੀ. ਅਰੋੜਾ ਨੇ ਆਪਣੇ ਲੰਮੇ ਪੁਲਿਸ ਕਰੀਅਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਪੁਲਿਸ ਸੇਵਾ ਇੱਕ ਚੁਣੌਤੀਪੂਰਨ ਪਰ ਸਮਾਜ ਦੀ ਭਲਾਈ ਲਈ ਬਹੁਤ ਸੰਤੁਸ਼ਟ ਕਰਨ ਵਾਲੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਏ.ਐਸ.ਪੀ. ਦੇ ਅਹੁਦੇ ਤੋਂ ਸ਼ੁਰੂਆਤ ਕੀਤੀ ਅਤੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਦੇ ਹੋਏ ਅੱਜ ਡੀ.ਜੀ.ਪੀ. ਵਜੋਂ ਸੇਵਾ ਕਰ ਰਹੇ ਹਨ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਹਰ ਕਦਮ ’ਤੇ ਸੇਵਾ, ਅਨੁਸ਼ਾਸਨ ਅਤੇ ਨਿਸ਼ਠਾ ਨੂੰ ਤਰਜੀਹ ਦਿੱਤੀ।
“ਯੁੱਧ ਨਸ਼ੀਆਂ ਵਿਰੁੱਧ” ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਪੰਜਾਬ ਪੁਲਿਸ ਇਸ ਅਭਿਆਨ ਨੂੰ ਪੂਰੀ ਮਜ਼ਬੂਤੀ ਨਾਲ ਅੱਗੇ ਵਧਾ ਰਹੀ ਹੈ। ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨਾ, ਤਸਕਰਾਂ ’ਤੇ ਸਖ਼ਤ ਕਾਰਵਾਈ ਕਰਨੀ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਾਗਰੂਕਤਾ ਫੈਲਾਉਣਾ ਇਸ ਮੁਹਿੰਮ ਦੇ ਮੁੱਖ ਉਦੇਸ਼ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਸਮਾਜ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦਾ ਲਕਸ਼ ਜਲਦੀ ਪੂਰਾ ਹੋਵੇਗਾ।
ਮਨੁੱਖੀ ਅਧਿਕਾਰਾਂ ਦੀ ਰੱਖਿਆ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਹਰ ਕਾਰਵਾਈ ਕਾਨੂੰਨ ਦੇ ਘੇਰੇ ਵਿੱਚ ਅਤੇ ਪਾਰਦਰਸ਼ੀ ਢੰਗ ਨਾਲ ਹੋਵੇ। ਕਿਸੇ ਵੀ ਨਾਗਰਿਕ ਦੇ ਅਧਿਕਾਰਾਂ ਦਾ ਹਨਨ ਨਾ ਹੋਵੇ, ਇਸ ਲਈ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਇਸ ਦਿਸ਼ਾ ਵਿੱਚ ਕਈ ਸੁਧਾਰਾਤਮਕ ਕਦਮ ਚੁੱਕੇ ਹਨ ਤਾਂ ਜੋ ਪੁਲਿਸ ਅਤੇ ਜਨਤਾ ਵਿਚਕਾਰ ਭਰੋਸਾ ਹੋਰ ਮਜ਼ਬੂਤ ਹੋ ਸਕੇ।

Comments