ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਨੇ ਹੜ੍ਹ ਪੀੜਤਾਂ ਲਈ ਕੀਤੇ 80 ਹਜ਼ਾਰ ਰੁਪਏ ਦਾਨ - ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਸੌਂਪਿਆ ਚੈੱਕ - ਡਿਪਟੀ ਕਮਿਸ਼ਨਰ ਨੇ ਇਸ ਕਦਮ ਨੂੰ ਦੱਸਿਆ ਦੂਜਿਆਂ ਲਈ ਪ੍ਰੇਰਨਾ ਸਰੋਤ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੀ ਪ੍ਰਧਾਨ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਸਮੇਂ ਪੂਰਾ ਪੰਜਾਬ ਹੜ੍ਹਾਂ ਦੀ ਆਫ਼ਤ ਨਾਲ ਜੂਝ ਰਿਹਾ ਹੈ। ਅਜਿਹੇ ਔਖੇ ਸਮੇਂ ਵਿਚ ਜਿੱਥੇ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ, ਉੱਥੇ ਹੀ ਸਮਾਜ ਭਲਾਈ ਸੰਸਥਾਵਾਂ, ਸਵੈ-ਇੱਛੁਕ ਸੰਸਥਾਵਾਂ, ਕੰਪਨੀਆਂ ਅਤੇ ਵਿੱਦਿਅਕ ਅਦਾਰੇ ਵੀ ਅੱਗੇ ਆ ਕੇ ਆਪਣਾ ਮਹੱਤਵਪੂਰਨ ਯੋਗਦਾਨ ਦੇ ਕੇ ਮਨੁੱਖਤਾ ਦਾ ਫਰਜ਼ ਨਿਭਾਅ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਲੜੀ ਵਿਚ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ, ਹੁਸ਼ਿਆਰਪੁਰ ਦੇ ਲੇਡੀ ਵਿੰਗ ਦੇ ਲੱਗਭਗ 15 ਮੈਂਬਰਾਂ ਨੇ ਆਪਸੀ ਸਹਿਯੋਗ ਨਾਲ 80,000 ਰੁਪਏ ਇਕੱਠੇ ਕਰਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੂੰ ਭੇਟ ਕੀਤੇ। ਇਹ ਰਕਮ ਵਿਸ਼ੇਸ਼ ਤੌਰ 'ਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਪ੍ਰਦਾਨ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਯੋਗਦਾਨ ਲਈ ਭਲਾਈ ਸੈਕਸ਼ਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਦੂਜਿਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਜ਼ਿਲ੍ਹੇ ਦੇ ਦਾਨੀ ਲੋਕਾਂ, ਉਦਯੋਗਪਤੀਆਂ ਅਤੇ ਸਮਾਜਿਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ।
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਕਿਹਾ ਕਿ ਇਹ ਯੋਗਦਾਨ ਪਾ ਕੇ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ, ਹੁਸ਼ਿਆਰਪੁਰ ਦੇ ਮੈਂਬਰਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਹਮੇਸ਼ਾ ਖੜ੍ਹੇ ਹਨ ਅਤੇ ਭਵਿੱਖ ਵਿਚ ਵੀ ਜੇਕਰ ਕਿਸੇ ਵੀ ਤਰ੍ਹਾਂ ਦੀ ਲੋੜ ਪਈ ਤਾਂ ਹਰ ਸੰਭਵ ਮਦਦ ਪ੍ਰਦਾਨ ਕਰਨਗੇ।
ਇਸ ਮੌਕੇ ਕਾਰਜਕਾਰੀ ਕਮੇਟੀ ਮੈਂਬਰ ਰਾਕੇਸ਼ ਕਪਿਲਾ, ਕੁਲਦੀਪ ਕੋਹਲੀ, ਨਿਸ਼ਾ ਵਿਜ, ਕੁਮਕੁਮ ਸੂਦ, ਡੌਲੀ ਚੀਮਾ ਅਤੇ ਸੰਯੁਕਤ ਸਕੱਤਰ ਆਦਿੱਤਿਆ ਰਾਣਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

Comments