ਹੜ੍ਹਾਂ ਦੁਆਰਾ ਨੁਕਸਾਨ ਦੀ ਵਜ੍ਹਾ ਕੁਦਰਤੀ ਕਰੋਪੀ ਨਹੀਂ ਅਸਲ 'ਚ ਸਰਕਾਰਾਂ ਦੀ ਨਲਾਇਕੀ ਤੇ ਗੈਰ ਯੋਜਨਾਬੰਦੀ: ਤਲਵਿੰਦਰ ਹੀਰ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪੰਜਾਬ ਇਨੀਂ ਦਿਨੀਂ ਭਿਆਨਕ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ।ਕਦੇ ਵੀ ਨਾ ਪੂਰੇ ਹੋਣ ਵਾਲੇ ਭਾਰੀ ਮਾਲੀ ਨੁਕਸਾਨ ਦੇ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਹੜ੍ਹਾਂ ਦੀ ਭੇਂਟ ਚੜ੍ਹ ਗਈਆਂ।ਲੋਕਾਂ ਨੂੰ ਆਪਣੇ ਬਚਾਅ ਲਈ ਆਪ ਹੀ ਯਤਨ ਕਰਨੇ ਪੈ ਰਹੇ ਨੇ।ਸਰਕਾਰੀ ਸ਼ਹਿ ਤੇ ਚੱਲਣ ਵਾਲੇ ਰੇਤ ਮਾਫੀਏ ਦੇ ਟਰਾਲੇ ਤੇ ਮਸ਼ੀਨਾਂ ਸੈਂਕੜੇ ਲੋਕਾਂ ਨੂੰ ਦਰੜ ਕੇ ਮਾਰ ਚੁੱਕੇ ਨੇ ਪਰ ਹੁਣ ਲੋਕਾਂ ਦੀ ਮੱਦਦ ਕਰਨ ਦੀ ਥਾਂ ਉਨਾਂ ਟਰਾਲੇ ਸ਼ੈਡਾਂ ਹੇਠ ਖੜੇ ਕਰ ਲਏ ਹਨ।ਸਰਕਾਰ ਵਲੋਂ ਰਾਹਤ ਸਮੱਗਰੀ ਵਜੋਂ 5 ਰੁਪਏ ਕੀਮਤ ਦੀ ਲੱਸੀ ਦੇ ਪੈਕਟ ਤੇ 2 ਰੁਪਏ ਕਿਲੋਂ ਵਾਲਾ ਅਨਾਜ ਦੇ ਕੇ ਕੋਝਾ ਮਜ਼ਾਕ ਕੀਤਾ ਜਾ ਰਿਹਾ।ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪੀੜ੍ਹਤ ਲੋਕਾਂ ਦੇ ਮੁੜ ਵਸੇਬੇ ਲਈ ਅਜੇ ਤੱਕ ਕੇਂਦਰ ਤੇ ਸੂਬਾ ਸਰਕਾਰ ਨੇ ਕੋਈ ਰਾਹਤ ਫੰਡ ਜਾਰੀ ਕਰਨ ਦਾ ਐਲਾਨ ਨਹੀਂ ਕੀਤਾ।ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਪੀੜ੍ਹਤਾਂ ਦੀ ਮੱਦਦ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ।ਪਰ ਸਰਕਾਰਾਂ ਤੇ ਵਿਰੋਧੀ ਧਿਰਾਂ ਦੇ ਆਗੂ ਇੱਕ ਦੋ ਨੂੰ ਛੱਡ ਕੇ ਸਿਰਫ਼ ਸਿਆਸੀ ਰੋਟੀਆਂ ਸੇਕ ਰਹੇ ਹਨ ਲੋਕਾਂ ਦੇ ਦਰਦ ਨੂੰ ਵੰਡਾਉਣ ਦਾ ਉਨਾਂ ਕੋਲ ਸਮਾਂ ਤੇ ਸਾਧਨ ਨਹੀਂ।ਦੇਸ਼ ਦੇ ਜ਼ਿੰਮੇਵਾਰ ਅਹੁਦਿਆਂ ਤੇ ਕਾਬਜ਼ ਹਾਕਮ ਦੌਰਿਆਂ ਤੇ ਸੈਰਾਂ 'ਚ ਰੁੱਝੇ ਹੋਏ ਨੇ।ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਬਲ ਸਰਕਾਰਾਂ ਦੇ ਇਸ਼ਾਰੇ ਤੇ ਲੋਕਾਂ ਤੇ ਲਾਠੀਆਂ ਵਰਾਉਣ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ।ਹੁਣ ਉਨਾਂ ਵਲੋਂ ਕਿਸੇ ਤਰ੍ਹਾਂ ਦੀ ਮੁਸਤੈਦੀ ਨਜ਼ਰ ਨਹੀਂ ਆਉਂਦੀ।ਮਹਿਲਾਂ ਤੇ ਜਹਾਜ਼ਾਂ ਚ ਰਹਿਣ ਵਾਲਿਆਂ ਨੂੰ ਉਜਾੜੇ ਦਾ ਦਰਦ ਕਦੇ ਮਹਿਸੂਸ ਨਹੀਂ ਹੋ ਸਕਦਾ।ਆਓ ਸਾਰੇ ਮਿਲ ਕੇ ਆਪਣੇ ਪੀੜ੍ਹਤ ਲੋਕਾਂ ਦੀ ਮੱਦਦ ਲਈ ਯਤਨ ਕਰੀਏ ਤੇ ਜਾਨੀ ਮਾਲੀ ਨੁਕਸਾਨ ਨੂੰ ਰੋਕੀਏ।
Comments
Post a Comment