ਨਗਰ ਨਿਗਮ ਨੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਤਾਇਨਾਤ ਕੀਤੇ ਵਾਰਡ ਨੋਡਲ ਅਫ਼ਸਰ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
       ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਮ ਪਬਲਿਕ ਨੂੰ ਬੁਨਿਆਦੀ ਸਹੂਲਤਾਂ ਅਤੇ ਉਨ੍ਹਾਂ ਨੂੰ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਨਗਰ ਨਿਗਮ ਵੱਲੋਂ ਹਰੇਕ ਵਾਰਡ ਵਿਚ ਵਾਰਡ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦਾ ਕੰਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਾ ਹੋਵੇਗਾ। ਇਸ ਵਿਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਨੂੰ ਬਤੌਰ ਅਫ਼ਸਰ ਇੰਚਾਰਜ, ਨਿਗਰਾਨ ਇੰਜੀਨੀਅਰ ਨੂੰ ਬਤੌਰ ਵਾਰਡ ਕੰਟਰੋਲਿੰਗ ਅਫ਼ਸਰ ਅਤੇ ਸੂਬੇਦਾਰ ਗੁਰਮੇਲ ਸਿੰਘ ਨੂੰ ਵਾਰਡ ਕੋਆਰਡੀਨੇਟਰ ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ ਵੱਖ- ਵੱਖ ਵਾਰਡਾਂ ਲਈ ਵਾਰਡ ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ। ਇਹ ਵਾਰਡ ਨੋਡਲ ਅਫਸਰ ਆਪਣੇ-ਆਪਣੇ ਅਲਾਟ ਕੀਤੇ ਗਏ ਵਾਰਡਾਂ ਦੇ ਓਵਰਆਲ ਇੰਚਾਰਜ ਰਹਿਣਗੇ, ਜਿਸ ਨਾਲ ਇਨ੍ਹਾਂ ਵਾਰਡਾਂ ਵਿਚ ਕਿਸੇ ਵੀ ਤਰ੍ਹਾਂ ਦੀ ਸੀਵਰੇਜ, ਸਫਾਈ, ਸਟ੍ਰੀਟ ਲਾਈਟਾਂ, ਪੀਣ ਵਾਲੇ ਪਾਣੀ, ਸ਼ੜਕਾਂ ਆਦਿ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਤਾਂ ਉਸ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾਉਣਗੇ।
     ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਪਹਿਲਾਂ ਹੀ ਪਬਲਿਕ ਸਹੂਲਤ ਨੂੰ ਮੁੱਖ ਰੱਖਦੇ ਹੋਏ ਹੈਲਪਲਾਈਨ ਨੰਬਰ 01882-220322 ਅਤੇ ਵਟਸਐਪ ਸ਼ਿਕਾਇਤ ਨੰਬਰ 94634-97791 ਜਾਰੀ ਕੀਤੇ ਹੋਏ ਹਨ, ਜਿਸ ਉੱਪਰ ਆਮ ਪਬਲਿਕ ਨਗਰ ਨਿਗਮ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਫ਼ਤਰੀ ਸਮੇਂ ਅੰਦਰ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਸੂਬੇਦਾਰ ਗੁਰਮੇਲ ਸਿੰਘ ਨੂੰ ਵਾਰਡ ਕੋਆਰਡੀਨੇਟਰ ਵਜੋਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਕਿਸੇ ਵੀ ਕੰਮ ਵਾਲੇ ਦਿਨ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 01:00 ਵਜੇ  ਅਤੇ ਦੁਪਹਿਰ 03:00 ਵਜੇ ਤੋਂ ਸ਼ਾਮ 04:00 ਵਜੇ ਤੱਕ ਨਗਰ ਨਿਗਮ ਦਫਤਰ ਵਿਖੇ ਤਾਇਨਾਤ ਰਹਿਣਗੇ। ਇਸ ਲਈ ਸਮੂਹ ਸ਼ਹਿਰ ਵਾਸੀ ਆਪਣੀਆਂ ਮੁਸ਼ਕਲਾਂ ਸਬੰਧੀ ਉਕਤ ਨੰਬਰਾ ਜਾਂ ਉਕਤ ਕਰਮਚਾਰੀ ਨਾਲ ਦਿੱਤੇ ਸਮੇਂ ਅਨੁਸਾਰ ਸੰਪਰਕ ਕਰਕੇ ਨਿਪਟਾਰਾ ਕਰਵਾ ਸਕਦੇ ਹਨ।

Comments