ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਯੂਰੀਆ ਦੀ ਵੱਧ ਵਿਕਰੀ ਨੂੰ ਲੈ ਕੇ ਖੇਤੀਬਾੜੀ ਵਿਭਾਗ ਵੱਲੋਂ ਸਖ਼ਤ ਕਾਰਵਾਈ - ਖਾਦ ਵਿਕਰੇਤਾਵਾਂ ਵਲੋਂ ਗਲਤ ਤਰੀਕੇ ਨਾਲ ਵਿਕਰੀ ਦੀ ਜਾਂਚ ਲਈ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਸ਼ੁਰੂ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਭਰ ਵਿੱਚ ਖਾਦ ਵਿਕਰੇਤਾਵਾਂ ਅਤੇ ਡੀਲਰਾਂ ਵੱਲੋਂ ਯੂਰੀਆ ਦੀ ਗਲਤ ਤਰੀਕੇ ਨਾਲ ਹੋ ਰਹੀ ਵਿਕਰੀ ਨੂੰ ਰੋਕਣ ਲਈ ਵਿਸ਼ੇਸ਼ ਇਨਫੋਰਸਮੈਂਟ ਡਰਾਈਵ ਚਲਾਈ ਗਈ ਹੈ। ਇਹ ਮੁਹਿੰਮ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਦੇ ਹੁਕਮਾਂ ਅਧੀਨ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਜਸਵੰਤ ਸਿੰਘ ਦੀ ਨਿਗਰਾਨੀ ਹੇਠ ਸ਼ੁਰੂ ਕੀਤੀ ਗਈ।
ਇਸ ਮੁਹਿੰਮ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵਿਸ਼ੇਸ਼ ਜਾਂਚ ਲਈ ਇਕ ਟੀਮ ਬਣਾਈ ਗਈ, ਜਿਸ ਵਿੱਚ ਮੁਖ਼ ਖੇਤੀ ਅਧਿਕਾਰੀ, ਸ੍ਰੀ ਮੁਕਤਸਰ ਸਾਹਿਬ ਡਾ. ਕਰਨਜੀਤ ਸਿੰਘ ਅਤੇ ਖੇਤੀ ਵਿਕਾਸ ਅਧਿਕਾਰੀ (ਇਨਫੋਰਸਮੈਂਟ), ਹੁਸ਼ਿਆਰਪੁਰ ਡਾ. ਜਤਿਨ ਵਸ਼ਿਸ਼ਠ ਸ਼ਾਮਿਲ ਸਨ। ਇਹ ਜਾਂਚ ਮੁਹਿੰਮ ਜ਼ਿਲ੍ਹੇ ਦੇ ਸਾਰੇ ਬਲਾਕ ਖੇਤੀ ਅਧਿਕਾਰੀਆਂ ਦੇ ਸਹਿਯੋਗ ਨਾਲ ਚਲਾਈ ਗਈ।
ਹਰੇਕ ਬਲਾਕ ਪੱਧਰ 'ਤੇ ਵਿਸ਼ੇਸ਼ ਟੀਮਾਂ ਨੂੰ ਤਾਇਨਾਤ ਕੀਤਾ ਗਿਆ, ਜੋ ਵੱਧ ਯੂਰੀਆ ਵਿਕਰੀ ਵਾਲੇ ਰਿਪੋਰਟ ਹੋਏ ਰਿਟੇਲਰਾਂ ਅਤੇ ਡੀਲਰਾਂ ਦੇ ਸਥਾਨਾਂ 'ਤੇ ਮੌਕੇ 'ਤੇ ਪਹੁੰਚ ਕੇ ਗਹਿਨ ਜਾਂਚ ਕਰ ਰਹੀਆਂ ਹਨ। ਜਾਂਚ ਦੌਰਾਨ ਸਟਾਕ ਦੀ ਪੂਰੀ ਜਾਂਚ, ਇਨਵਾਇਸ ਆਡਿਟ, ਅਤੇ ਸਪਲਾਈ-ਵਿਕਰੀ ਰਿਕਾਰਡ ਦਾ ਮਿਲਾਨ ਕੀਤਾ ਗਿਆ।
ਇਸ ਇਨਫੋਰਸਮੈਂਟ ਮੁਹਿੰਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬਿਜਾਈ ਦੇ ਚਰਮ ਸਮੇਂ ਦੌਰਾਨ ਸਹੀ ਕਿਸਾਨਾਂ ਨੂੰ ਯੂਰੀਆ ਉਚਿਤ ਅਤੇ ਪਾਰਦਰਸ਼ੀ ਢੰਗ ਨਾਲ ਉਪਲਬਧ ਕਰਵਾਇਆ ਜਾਵੇ। ਵਿਭਾਗ ਵੱਲੋਂ ਇਸ ਗੱਲ ਨੂੰ ਦੋਹਰਾਇਆ ਗਿਆ ਕਿ ਖਾਦ ਸਪਲਾਈ ਚੇਨ ਵਿੱਚ ਕਿਸੇ ਵੀ ਕਿਸਮ ਦੀ ਕਾਲਾ ਬਾਜ਼ਾਰੀ, ਸਟਾਕ ਇਕੱਠਾ ਕਰਨਾ ਜਾਂ ਹੋਰ ਕੋਈ ਗੜਬੜੀ ਨਹੀਂ ਸਹਿਣ ਕੀਤੀ ਜਾਵੇਗੀ।
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਖਾਦ ਡੀਲਰ ਵੱਲੋਂ ਵੱਧ ਰੇਟ ਲਾਗੂ ਕਰਨ, ਨਕਲੀ ਕਮੀ ਪੈਦਾ ਕਰਨਾ ਜਾਂ ਕੋਈ ਵੀ ਸ਼ੱਕੀ ਗਤੀਵਿਧੀ ਸਾਹਮਣੇ ਆਵੇ, ਤਾਂ ਉਸ ਦੀ ਤੁਰੰਤ ਸ਼ਿਕਾਇਤ ਕੀਤੀ ਜਾਵੇ, ਤਾਂ ਜੋ ਲਾਜ਼ਮੀ ਕਾਰਵਾਈ ਕੀਤੀ ਜਾ ਸਕੇ।
Comments
Post a Comment