ਸਕਤਾਰ ਸਿੰਘ ਬੱਲ ਪੀਸੀਐਸ ਅਧਿਕਾਰੀਆਂ ਦੀ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ, ਡਾ. ਅੰਕੁਰ ਮਹਿੰਦਰੂ ਨੇ ਮੁੜ ਸੰਭਾਲੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ
ਲੁਧਿਆਣਾ/ਦਲਜੀਤ ਅਜਨੋਹਾ
ਲੁਧਿਆਣਾ ਦੇ ਲੋਧੀ ਕਲੱਬ ਵਿਚ ਪੰਜਾਬ ਸਿਵਲ ਸਰਵਿਸਿਜ਼ (PCS) ਅਧਿਕਾਰੀਆਂ ਦੀ ਐਸੋਸੀਏਸ਼ਨ ਦੀ ਆਮ ਬਾਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਕਾਰੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ।
ਇਹ ਮੀਟਿੰਗ ਐਸੋਸੀਏਸ਼ਨ ਲਈ ਇਕ ਨਵਾਂ ਚੈਪਟਰ ਸਾਬਤ ਹੋਈ, ਜਿਥੇ ਸਕਤਾਰ ਸਿੰਘ ਬੱਲ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ, ਜਦਕਿ ਡਾ. ਅੰਕੁਰ ਮਹਿੰਦਰੂ ਨੇ ਇੱਕ ਵਾਰ ਫਿਰ ਜਨਰਲ ਸਕੱਤਰ ਦੇ ਤੌਰ 'ਤੇ ਆਪਣੀ ਜਗ੍ਹਾ ਬਰਕਰਾਰ ਰੱਖੀ। ਦੋਹਾਂ ਨੂੰ ਮੈਂਬਰਾਂ ਵੱਲੋਂ ਭਾਰੀ ਸਮਰਥਨ ਮਿਲਿਆ।
ਪਿਛਲੇ ਪ੍ਰਧਾਨ ਡਾ. ਰਜਤ ਓਬੇਰੌਈ ਨੇ ਨਵੀਂ ਚੁਣੀ ਕਮੇਟੀ ਨੂੰ ਦਿਲੋਂ ਵਧਾਈ ਦਿੱਤੀ ਅਤੇ ਵਿਸ਼ਵਾਸ ਜ਼ਾਹਰ ਕੀਤਾ ਕਿ ਨਵਾਂ ਨੇਤ੍ਰਤਵ ਐਸੋਸੀਏਸ਼ਨ ਦੇ ਮੂਲ ਸਿਧਾਂਤਾਂ ਨੂੰ ਅੱਗੇ ਵਧਾਉਂਦੇ ਹੋਏ ਪੀਸੀਐਸ ਅਧਿਕਾਰੀਆਂ ਅਤੇ ਜਨਤਕ ਸੇਵਾ ਦੇ ਭਲੇ ਲਈ ਮਿਹਨਤ ਕਰੇਗਾ।
ਸਕਤਾਰ ਸਿੰਘ ਬੱਲ ਅਤੇ ਡਾ. ਅੰਕੁਰ ਮਹਿੰਦਰੂ ਦੀ ਅਗਵਾਈ ਹੇਠ ਨਵੀਂ ਟੀਮ ਨੇ ਮੈਂਬਰਾਂ ਵੱਲੋਂ ਦਿੱਤੇ ਭਰੋਸੇ ਲਈ ਧੰਨਵਾਦ ਕੀਤਾ ਅਤੇ ਡਾ. ਓਬੇਰੌਈ ਤੋਂ ਹਮੇਸ਼ਾ ਮਾਰਗਦਰਸ਼ਨ ਲੈਣ ਦੀ ਗੱਲ ਕਹੀ। ਉਨ੍ਹਾਂ ਸਾਰੇ ਮੈਂਬਰਾਂ ਨੂੰ ਇੱਕਜੁਟ ਰਹਿ ਕੇ ਪਰਸ਼ਾਸ਼ਨਿਕ ਢਾਂਚੇ ਵਿੱਚ ਰਚਨਾਤਮਕ ਅਤੇ ਸਕਾਰਾਤਮਕ ਬਦਲਾਅ ਲਿਆਉਣ ਦੇ ਮਿਸ਼ਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ।
ਅਮਿਤ ਮਹਾਜਨ (ਪੀ.ਆਰ.), ਜੋ ਕਿ ਪੀਸੀਐਸ ਅਧਿਕਾਰੀਆਂ ਦੀ ਐਸੋਸੀਏਸ਼ਨ ਦੇ ਸੀਨੀਅਰ ਅਤੇ ਸਨਮਾਨਤ ਮੈਂਬਰ ਹਨ, ਨੇ ਵੀ ਨਵੀਂ ਟੀਮ ਨੂੰ ਆਪਣੇ ਵਧਾਈ ਸੰਦੇਸ਼ ਭੇਜੇ। ਉਨ੍ਹਾਂ ਟੀਮ ਵਰਕ ਅਤੇ ਦੂਰਦਰਸ਼ੀ ਦ੍ਰਿਸ਼ਟਿਕੋਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਪੰਜਾਬ ਦੇ ਸਿਵਲ ਸਰਵਿਸ ਅਧਿਕਾਰੀਆਂ ਦੇ ਹੱਕਾਂ ਦੀ ਰੱਖਿਆ ਲਈ ਇਹ ਨਵਾਂ ਨੇਤ੍ਰਤਵ ਸਫਲ ਹੋਵੇ।
Comments
Post a Comment