ਖਾਲੀ ਪਲਾਟਾਂ ਦੀ ਸਫਾਈ ਸਬੰਧੀ ਏ.ਡੀ.ਐਮ ਅਮਰਬੀਰ ਕੌਰ ਭੁੱਲਰ ਨੇ ਜਾਰੀ ਕੀਤੀਆਂ ਹਦਾਇਤਾਂ -ਹੁਕਮ ਨਾ ਮੰਨਣ ‘ਤੇ ਹੋਵੇਗੀ ਕਾਨੂੰਨੀ ਕਾਰਵਾਈ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
       ਸ਼ਹਿਰ ਵਿਚ ਖਾਲੀ ਪਲਾਟਾਂ ਵਿਚ ਜਮ੍ਹਾ ਹੋਏ ਕੂੜੇ, ਗੰਦਗੀ ਅਤੇ ਗੰਦੇ ਪਾਣੀ ਕਾਰਨ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਗੰਭੀਰ ਬਿਮਾਰੀਆਂ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏ.ਡੀ.ਐਮ) ਅਮਰਬੀਰ ਕੌਰ ਭੁੱਲਰ ਨੇ ਹੁਕਮ ਜਾਰੀ ਕਰਦਿਆਂ ਸਬੰਧਤ ਪਲਾਟ ਮਾਲਕਾਂ ਅਤੇ ਕਬਜ਼ਾਧਾਰੀਆਂ ਨੂੰ ਪਲਾਟਾਂ ਦੀ ਸਾਫ-ਸਫਾਈ ਦੇ ਹੁਕਮ ਜਾਰੀ ਕੀਤੇ ਹਨ।
     ਏ.ਡੀ.ਐਮ ਅਮਰਬੀਰ ਕੌਰ ਭੁੱਲਰ ਨੇ ਸਪੱਸ਼ਟ ਕੀਤਾ ਕਿ ਖਾਲੀ ਪਲਾਟਾਂ ਵਿਚ ਕੂੜਾ, ਗੰਦਗੀ ਅਤੇ ਮੀਂਹ ਦਾ ਪਾਣੀ ਇਕੱਠਾ ਹੋ ਰਿਹਾ ਹੈ, ਉਥੇ ਬਿਮਾਰੀਆਂ ਪੈਦਾ ਕਰਨ ਵਾਲੇ ਕੀੜੇ-ਮਕੌੜੇ ਪੈਦਾ ਹੋ ਰਹੇ ਹਨ, ਜੋ ਕਿ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹੈ। ਇਸ ਤਰ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਇਨ੍ਹਾਂ ਪਲਾਟਾਂ ਦੀ ਨਿਰੰਤਰ ਸਫ਼ਾਈ ਬਹੁਤ ਜ਼ਰੂਰੀ ਹੈ।
      ਉਨ੍ਹਾਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਦੀਆਂ ਸੀਮਾਵਾਂ ਵਿਚ ਆਉਣ ਵਾਲੇ ਸਾਰੇ ਨਿੱਜੀ ਮਾਲਕੀ ਵਾਲੇ ਜਾਂ ਕਬਜ਼ੇ ਵਾਲੇ ਖਾਲੀ ਪਲਾਟਾਂ ਦੀ ਤੁਰੰਤ ਸਫਾਈ ਕੀਤੀ ਜਾਵੇ। ਪਲਾਟ ਮਾਲਕ ਜਾਂ ਕਬਜ਼ਾਧਾਰਕ ਨੂੰ ਆਪਣੇ ਪੱਧਰ 'ਤੇ ਕੂੜੇ ਅਤੇ ਗੰਦੇ ਪਾਣੀ ਦੀ ਸਫ਼ਾਈ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਭਵਿੱਖ ਵਿਚ ਗੰਦਗੀ ਇਕੱਠੀ ਹੋਣ ਤੋਂ ਰੋਕਣ ਲਈ ਪਲਾਟ ਦੇ ਆਲੇ-ਦੁਆਲੇ ਚਾਰਦੀਵਾਰੀ ਜਾਂ ਫੈਂਸਿੰਗ ਕਰਵਾਉਣ।
     ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਕਿਹਾ ਕਿ ਜੇਕਰ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਸਬੰਧਤ ਮਾਲਕ ਜਾਂ ਸੰਸਥਾ ਵਿਰੁੱਧ ਪੰਜਾਬ ਨਗਰ ਨਿਗਮ ਐਕਟ, 1976, ਵਾਤਾਵਰਨ ਸੁਰੱਖਿਆ ਐਕਟ 1986 ਅਤੇ ਨਗਰ ਨਿਗਮ ਠੋਸ ਰਹਿੰਦ-ਖੂੰਹਦ ਨਿਯਮ 2016 ਅਧੀਨ ਜ਼ੁਰਮਾਨਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਸਫ਼ਾਈ ਦਾ ਕੰਮ ਨਗਰ ਨਿਗਮ ਜਾਂ ਕੌਂਸਲ/ਪੰਚਾਇਤ ਵੱਲੋਂ ਕੀਤਾ ਜਾਂਦਾ ਹੈ, ਤਾਂ ਇਸ ਦਾ ਖ਼ਰਚਾ ਸਬੰਧਤ ਪਲਾਟ ਮਾਲਕ ਤੋਂ ਵਸੂਲਿਆ ਜਾਵੇਗਾ।

Comments