ਲਾਇਨ ਵਿਜੇ ਅਰੋੜਾ ਬਣੇ ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਦੇ ਪ੍ਰਧਾਨ।


ਹੁਸ਼ਿਆਰਪੁਰ/ਦਲਜੀਤ ਅਜਨੋਹਾ 
    ਲਾਇਨਜ਼ ਕਲੱਬ  ਹੁਸ਼ਿਆਰਪੁਰ ਪਰਲ ਦਾ ਅੱਜ ਸਥਾਨਕ ਹੋਟਲ ਵਿੱਚ ਲਾਇਨ ਹਰਜੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਰਿਵਾਇਤੀ ਢੰਗ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਵਰ੍ਹਾ 2025-26 ਲਈ ਨਵੀਂ ਟੀਮ ਦੀ ਚੋਣ ਵੀ ਕੀਤੀ ਗਈ। ਪ੍ਰਧਾਨ ਦੇ ਅਹੁਦੇ ਲਈ ਲਾਇਨ ਸੰਜੀਵ ਅਰੋੜਾ ਵੱਲੋਂ ਲਾਇਨ ਵਿਜੇ ਅਰੋੜਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਗਿਆ, ਜਿਸ ਨੂੰ ਲਾਇਨ ਹਰਜੀਤ ਸਿੰਘ ਭਾਟੀਆ ਅਤੇ ਹੋਰ ਮੈਂਬਰਾਂ ਵੱਲੋਂ ਸਹਿਮਤੀ ਦਿੱਤੀ ਗਈ। ਸਭ ਦੀ ਰਜ਼ਾਮੰਦੀ ਨਾਲ ਵਿਜੇ ਅਰੋੜਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੂਰੀ ਕਾਰਜਕਾਰੀ ਬਣਾਉਣ ਦੇ ਅਧਿਕਾਰ ਵੀ ਦਿੱਤੇ ਗਏ।ਲਾਇਨ ਵਿਜੇ ਅਰੋੜਾ ਨੇ ਆਪਣੀ ਟੀਮ ਦਾ ਐਲਾਨ ਕਰਦਿਆਂ ਲਾਇਨ ਉਮੇਸ਼ ਰਾਣਾ ਨੂੰ ਸਕੱਤਰ, ਕੁਮਾਰ ਗੌਰਵ ਨੂੰ ਵਿਤ ਸਕੱਤਰ ਅਤੇ ਲਾਇਨ ਸੰਜੀਵ ਅਰੋੜਾ ਨੂੰ   ਪੀ.ਆਰ.ਓ. ਨਿਯੁਕਤ ਕੀਤਾ।
    ਇਸ ਮੌਕੇ ਤੇ ਪ੍ਰਧਾਨ ਵਿਜੇ ਅਰੋੜਾ ਨੇ ਭਵਿੱਖ ਵਿਚ ਲਾਏ ਜਾਣ ਵਾਲੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਇਨਜ਼ ਕਲੱਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵਾਤਾਂਵਰਣ ਸੁਰੱਖਿਆ ਲਈ ਪੌਧਾਰੋਪਣ, ਸਕੂਲਾਂ-ਕਾਲਜਾਂ ਵਿੱਚ ਜਾ ਕੇ ਨਸ਼ਾ ਮੁਕਤੀ, ਪਾਣੀ ਬਚਾਓ, ਦਹੇਜ ਪ੍ਰਥਾ ਵਿਰੁੱਧ ਜਾਗਰੂਕਤਾ ਮੁਹਿੰਮਾਂ, ਮੈਡੀਕਲ ਕੈਂਪ ਲਗਾਉਣ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਣ ਸਮੇਤ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਵਰਗੇ ਸੇਵਾ ਕਾਰਜ ਕੀਤੇ ਜਾਣਗੇ।
    ਮੰਚ ਸਾਂਭਦੇ ਹੋਏ ਲਾਇਨ ਸੰਜੀਵ ਅਰੋੜਾ ਨੇ ਕਿਹਾ ਕਿ ਵਿਜੇ ਅਰੋੜਾ ਦੇ ਤਜਰਬੇ ਨਾਲ ਕਲੱਬ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਸੇਵਾ ਕਾਰਜਾਂ ਨੂੰ ਹੋਰ ਤੇਜ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਵਿਜੇ ਅਰੋੜਾ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਏ, ਮਨੁੱਖੀ ਸੇਵਾ ਲਈ ਸਮਰਪਿਤ ਅਤੇ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਵਾਲੇ ਵਿਅਕਤੀ ਹਨ।ਇਸ ਮੌਕੇ ਤੇ ਗੌਰਵ ਖੱਟੜ, ਵਿਜੇ ਗੁਪਤਾ, ਰਾਜੇਸ਼ ਨੰਦਾ, ਹਰੀਸ਼ ਚੁੱਗ, ਡਾ. ਰਾਜਿੰਦਰ ਗੁਪਤਾ, ਮਦਨ ਲਾਲ ਮਹਾਜਨ, ਦੀਪਕ ਨਰੂਲਾ, ਪੰਕਜ ਕੁਮਾਰ, ਐਚ. ਕੇ. ਨਾਕੜਾ ਅਤੇ ਹੋਰ ਮੈਂਬਰ ਹਾਜ਼ਰ ਰਹੇ।

Comments