ਸਿਹਤ ਵਿਭਾਗ ਵੱਲੋਂ 31 ਜੁਲਾਈ ਤੱਕ ਚਲਾਈ ਜਾਵੇਗੀ ਤੀਬਰ ਦਸਤ ਰੋਕੂ ਮੁਹਿੰਮ ਇਸ ਮੁਹਿੰਮ ਦਾ ਮੁੱਖ ਉਦੇਸ਼ ਹੀ ਡਾਇਰੀਆ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਜੀਰੋ ਕਰਨਾ: ਸਿਵਲ ਸਰਜਨ ਡਾ ਪਵਨ ਕੁਮਾਰ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਸਰੀਰਿਕ ਤੰਦਰੁਸਤੀ ਲਈ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ, ਇਸ ਦੇ ਲਈ ਸਿਹਤ ਵਿਭਾਗ ਵੱਲੋਂ 31 ਜੁਲਾਈ ਤੱਕ ਤੀਬਰ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵੱਡੀ ਉਮਰ ਦੇ ਵਿਅਕਤੀਆਂ ਅਤੇ ਛੋਟੇ ਬੱਚਿਆਂ ਨੂੰ ਇਸ ਸੀਜ਼ਨ ਦੌਰਾਨ ਖਾਣ ਪੀਣ ਦਾ ਖਾਸ ਖਿਆਲ ਰੱਖਣ ਬਾਰੇ ਜਾਗਰੂਕ ਕੀਤਾ ਜਾਵੇਗਾ। ਜਿਲੇ ਭਰ ਵਿੱਚ ਇਸ ਮੁਹਿੰਮ ਦਾ ਆਗਾਜ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਵੱਲੋ ਜਿਲਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ, ਸਹਾਇਕ ਸਿਵਲ ਸਰਜਨ ਡਾ. ਡੀਪੀ ਸਿੰਘ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜਿਲਾ ਅਕਾਊਂਟਸ ਅਫਸਰ ਗੁਰਦੀਪ ਸਿੰਘ, ਸੁਪਰਡੈੰਟ ਦਵਿੰਦਰ ਭੱਟੀ ਅਤੇ ਟੀਕਾਕਰਣ ਸਹਾਇਕ ਨਵਪ੍ਰੀਤ ਕੌਰ ਦੇ ਸਹਿਯੋਗ ਨਾਲ ਜਾਗਰੂਕਤਾ ਸਮੱਗਰੀ ਰਿਲੀਜ ਕਰਕੇ ਕੀਤਾ ਗਿਆ। 
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ.ਪਵਨ ਕੁਮਾਰ ਨੇ ਦੱਸਿਆ ਕਿ 31 ਜੁਲਾਈ ਤੱਕ ਚਲਾਈ ਜਾ ਰਹੀ ਤੀਬਰ ਦਸਤ ਰੋਕੂ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਜ਼ ਦੁਆਰਾ ਘਰ ਘਰ ਜਾ ਕੇ ਸਰਵੇ ਕੀਤਾ ਜਾਵੇਗਾ ਅਤੇ ਛੋਟੇ ਬੱਚਿਆਂ ਲਈ ਓ.ਆਰ.ਐਸ. ਦੇ ਪੈਕਟ ਵੰਡੇ ਜਾਣਗੇ। ਇਸ ਦੌਰਾਨ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਰ.ਬੀ.ਐਸ.ਕੇ. ਦੀਆਂ ਟੀਮਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਸਿਹਤ ਪ੍ਰਤੀ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਸਿਵਲ ਸਰਜਨ ਨੇ ਕਿਹਾ ਕਿ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਅਤੇ ਸਾਫ ਸਫਾਈ ਦੀ ਘਾਟ ਕਾਰਨ ਵੱਡੀ ਉਮਰ ਦੇ ਵਿਅਕਤੀਆਂ ਅਤੇ ਖਾਸ ਕਰ ਛੋਟੇ ਬੱਚਿਆਂ (ਪੰਜ ਸਾਲ ਤੱਕ) ਨੂੰ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ। ਜੇਕਰ ਸਮੇਂ ਸਿਰ ਇਲਾਜ਼ ਨਾ ਕੀਤਾ ਜਾਵੇ ਤਾਂ ਖਾਸ ਕਰਕੇ ਬੱਚਿਆਂ ਲਈ ਜਾਨਲੇਵਾ ਸਿੱਧ ਹੋ ਸਕਦਾ ਹੈ। ਇਸ ਲਈ ਇਸ ਮੁਹਿੰਮ ਦਾ ਮੁੱਖ ਉਦੇਸ਼ ਹੀ ਡਾਇਰੀਆ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਜੀਰੋ ਕਰਨਾ ਹੈ। ਇਸ ਦੌਰਾਨ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਸਾਰੀਆਂ ਸਿਹਤ ਸੰਸਥਾਵਾਂ, ਆਂਗਨਵਾੜੀ ਸੈਂਟਰਾਂ ਅਤੇ ਸਕੂਲਾਂ ਵਿੱਚ ਹੱਥ ਧੋਣ ਦੇ ਵਿਗਿਆਨਕ ਢੰਗ ਬਾਰੇ ਡੈਮੋਸਟ੍ਰੇਸ਼ਨ ਦਿੱਤੀ ਜਾਵੇਗੀ ਕਿਉੰਕਿ ਹੱਥਾਂ ਦੀ ਸਫਾਈ ਨਾਲ ਹੀ ਡਾਇਰੀਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਜ਼ਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਜੇਕਰ ਬੱਚੇ ਨੂੰ ਦਸਤ ਲੱਗ ਜਾਣ, ਤਾਂ ਤੁਰੰਤ ORS ਥੋੜੇ ਥੋੜੇ ਸਮੇਂ ਤੇ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਦਸਤ ਬੰਦ ਨਹੀਂ ਹੋ ਜਾਂਦੇ। ਦਸਤ ਬੰਦ ਹੋਣ ਤੇ ਵੀ ਬੱਚੇ ਨੂੰ ਜ਼ਿੰਕ ਦੀਆਂ ਗੋਲੀਆਂ 14 ਦਿਨਾਂ ਤੱਕ ਦਿਓ। ਬੇਲੋੜੇ ਐਂਟੀਬਾਉਟਿਕਸ ਦੇਣ ਤੋਂ ਵੀ ਬਚਣਾ ਚਾਹੀਦਾ ਹੈ। ਦਸਤ ਦੌਰਾਨ ORS ਅਤੇ ਜ਼ਿੰਕ ਦੁਆਰਾ ਇਲਾਜ ਬੱਚੇ ਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ। ਡੀ-ਹਾਈਡ੍ਰੇਸ਼ਨ ਤੋੰ ਬਚਾਓ ਲਈ ਨਾਰੀਅਲ ਪਾਣੀ, ਲੱਸੀ ਜਾ ਹੋਰ ਤਰਲ ਖਦਾਰਥ ਵੀ ਦਿੱਤੇ ਜਾ ਸਕਦੇ ਹਨ। ਦਸਤ ਦੇ ਸਹੀ ਪ੍ਰਬੰਧਨ ਲਈ ਏਐਨਐਮ ਜਾਂ ਆਸ਼ਾ ਨਾਲ ਜਰੂਰ ਸੰਪਰਕ ਕੀਤਾ ਜਾਵੇ।
ਡਾ ਸੀਮਾ ਗਰਗ ਨੇ ਦੱਸਿਆ ਕਿ ਬੱਚੇ ਵਿੱਚ ਗਭੀਰ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜਦੀਕੀ ਹਸਪਤਾਲ ਲਿਜਾ ਕੇ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਦਿਖਾਇਆ ਜਾਵੇ ਤਾਂ ਜੋ ਸਮੇਂ ਰਹਿੰਦੇ ਸਹੀ ਇਲਾਜ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਮੂਹ ਸਿਹਤ ਸੰਸਥਾਵਾਂ ਵਿੱਚ ਓ.ਆਰ.ਐਸ ਜਿੰਕ ਕਾਰਨਰ ਵੀ ਸਥਾਪਿਤ ਕੀਤੇ ਗਏ ਹਨ ਜਿੱਥੇ ਓ.ਆਰ.ਐਸ ਦਾ ਘੋਲ ਤਿਆਰ ਕਰਨ ਦੀ ਵਿਧੀ ਬਾਰੇ ਡੈਮੋਸਟ੍ਰੇਸ਼ਨ ਦੇ ਕੇ ਪ੍ਰੇਰਿਤ ਕੀਤਾ ਜਾਵੇਗਾ।

Comments