ਕੁੜੀਆਂ ਨੂੰ ਹੁਨਰਮੰਦ ਬਣਾਉਣਾ ਮਹਾਨ ਦਾਨ ਹੈ-ਪਰਮਜੀਤ ਸਚਦੇਵਾ 25 ਕੁੜੀਆਂ ਨੇ 6 ਮਹੀਨੇ ਦੀ ਸਿਖਲਾਈ ਪੂਰੀ ਕੀਤੀ

ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਮੈਡੀਸਨ ਮਾਰਕੀਟ ਦੇ ਅੰਦਰ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈਲਫੇਅਰ ਹੁਸ਼ਿਆਰਪੁਰ ਚੈਪਟਰ ਵੱਲੋਂ ਪਿਛਲੇ 3 ਸਾਲਾਂ ਤੋਂ ਚਲਾਏ ਜਾ ਰਹੇ ਮੁਫ਼ਤ ਸਿਖਲਾਈ ਕੇਂਦਰ ਤੋਂ ਬਿਊਟੀ ਸੈਲੂਨ ਦੀ 6 ਮਹੀਨੇ ਦੀ ਸਿਖਲਾਈ ਪੂਰੀ ਕਰਨ ਵਾਲੀਆਂ 25 ਕੁੜੀਆਂ ਨੂੰ ਸਰਟੀਫਿਕੇਟ ਵੰਡਣ ਲਈ ਸੈਂਟਰ ਡਾਇਰੈਕਟਰ ਡੌਲੀ ਚੀਮਾ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਵਿੱਚ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਡਿੰਪੀ ਸਚਦੇਵਾ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਨੂੰ ਸੰਬੋਧਨ ਕਰਦਿਆਂ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਹੁਨਰ ਦਾ ਦਾਨ ਸਭ ਤੋਂ ਵੱਡਾ ਦਾਨ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਕੇਂਦਰ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਨੂੰ ਕੰਮ ਸ਼ੁਰੂ ਕਰਨ ਲਈ 3 ਹਜ਼ਾਰ ਰੁਪਏ ਤੱਕ ਦੇ ਸਮਾਨ ਦੀ ਕਿੱਟ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਇਸ ਕੇਂਦਰ ਵਿੱਚ ਕੁੜੀਆਂ ਨੂੰ ਬਿਊਟੀ ਸੈਲੂਨ ਚਲਾਉਣ ਲਈ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਕੁੜੀਆਂ ਨੂੰ ਆਤਮ ਨਿਰਭਰ ਬਣਾਉਣਾ ਸਮੇਂ ਦੀ ਲੋੜ ਹੈ ਕਿਉਂਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਹਰ ਪਰਿਵਾਰ ਵਿੱਚ ਕੁੜੀਆਂ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਸਮੇਂ ਡੌਲੀ ਚੀਮਾ ਨੇ ਕਿਹਾ ਕਿ ਹੁਣ ਤੱਕ ਸਾਡੇ ਸੈਂਟਰ ਤੋਂ ਕੁੜੀਆਂ ਦੇ 8 ਬੈਚ ਸਿਖਲਾਈ ਲੈ ਚੁੱਕੇ ਹਨ ਅਤੇ ਬਹੁਤ ਸਾਰੀਆਂ ਕੁੜੀਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਜੋ ਸਫਲਤਾਪੂਰਵਕ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਿਸ ਇਮਾਰਤ ਵਿੱਚ ਇਹ ਸੈਂਟਰ ਚਲਾਇਆ ਜਾ ਰਿਹਾ ਹੈ, ਉਹ ਪਰਮਜੀਤ ਸਚਦੇਵਾ ਵੱਲੋਂ ਮੁਫ਼ਤ ਉਪਲਬਧ ਕਰਵਾਈ ਗਈ ਹੈ। ਇਸ ਮੌਕੇ ਸਿਖਲਾਈ ਅਧਿਆਪਕਾ ਰਜਨੀ ਅਤੇ ਪੂਨਮ, ਨਜਮ ਰਿਆੜ, ਜਸਵੀਨ ਸੇਖੋ ਵੀ ਮੌਜੂਦ ਸਨ।

Comments