ਸਿਹਤ ਵਿਭਾਗ ਵਲੋਂ ਗੈਰ ਸੰਚਾਰਿਤ ਰੋਗਾਂ, ਬੱਚਿਆਂ ਵਿੱਚ ਕੁਪੋਸ਼ਣ ਅਤੇ ਜਾਨਵਰਾਂ ਦੇ ਕੱਟਣ 'ਤੇ ਇਲਾਜ ਸੰਬੰਧੀ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਦਿੱਤੀ ਗਈ ਟ੍ਰੇਨਿੰਗ


ਹੁਸ਼ਿਆਰਪੁਰ /ਦਲਜੀਤ ਅਜਨੋਹਾ 
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਯੋਗ ਮਾਰਗਦਰਸ਼ਨ ਵਿੱਚ ਆਮ ਆਦਮੀ ਕਲੀਨਿਕ ਵਿੱਚ ਗੈਰ ਸੰਚਾਰਿਤ ਰੋਗਾਂ ਦੀਆਂ ਸੇਵਾਵਾਂ, ਬੱਚਿਆਂ ਵਿੱਚ ਕੁਪੋਸ਼ਣ ਅਤੇ ਜਾਨਵਰਾਂ ਦੇ ਕੱਟਣ 'ਤੇ ਇਲਾਜ ਸੰਬੰਧੀ ਸੇਵਾਵਾਂ ਨੂੰ ਲਾਗੂ ਕਰਨ ਲਈ ਇੱਕ ਜ਼ਿਲ੍ਹਾ ਪੱਧਰੀ ਸਿਖਲਾਈ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰਾਂ ਨੂੰ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਕਾਰਜਕਾਰੀ ਸਹਾਇਕ ਸਿਵਲ ਸਰਜਨ ਡਾ ਡੀਪੀ ਸਿੰਘ, ਜਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾ ਰਣਜੀਤ ਸਿੰਘ, ਬੱਚੇ ਰੋਗਾਂ ਦੇ ਮਾਹਿਰ ਡਾ ਰਾਜਵੰਤ ਕੌਰ, ਮੈਡੀਕਲ ਸਪੈਸ਼ਲਿਸਟ ਡਾ. ਮਨਪ੍ਰੀਤ ਸਿੰਘ, ਜਿਲਾ ਐਪੀਡੀਮੋਲੋਜਿਸਟ ਡਾ ਸ਼ੈਲੇਸ਼ ਕੁਮਾਰ, ਡੈਂਟਲ ਸਰਜਨ ਡਾ. ਸੰਦੀਪ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਕੋਲਡ ਚੇਨ ਅਫਸਰ ਸ੍ਰੀ ਪ੍ਰਦੀਪ ਕੁਮਾਰ, ਬੀਈਈ ਸ੍ਰੀ ਅਮਨਦੀਪ ਸਿੰਘ ਤੋਂ ਇਲਾਵਾ ਜਿਲੇ ਭਰ ਦੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰ ਸ਼ਾਮਿਲ ਹੋਏ। 
ਟ੍ਰੇਨਿੰਗ ਦੀ ਸ਼ੁਰੂਆਤ ਵਿੱਚ ਜਿਲਾ ਟੀਕਾਕਰਣ ਅਫਸਰ ਡਾ. ਸੀਮਾ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਿਖਲਾਈ ਦਾ ਉਦੇਸ਼ ਆਮ ਆਦਮੀ ਕਲੀਨਿਕਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਕੋਈ ਵੀ ਗੈਰ ਸੰਚਾਰਿਤ ਰੋਗਾਂ ਦਾ ਮਰੀਜ, ਗੰਭੀਰ ਮਰੀਜ਼, ਮਾਂ, ਬੱਚਾ ਸਿਹਤ ਸੇਵਾਵਾਂ ਅਤੇ ਦੇਖਭਾਲ ਤੋਂ ਵਾਂਝਾ ਨਾ ਰਹੇ। ਡਾ ਸੀਮਾ ਗਰਗ ਨੇ ਜਾਨਵਰਾਂ ਦੇ ਕੱਟਣ ਦੇ ਇਲਾਜ, ਬਚਾਓ ਅਤੇ ਐਂਟੀ ਰੇਬੀਜ ਵੈਕਸੀਨ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ।
ਜਿਲਾ ਪਰਿਵਾਰ ਭਲਾਈ ਅਫ਼ਸਰ ਡਾ ਰਣਜੀਤ ਸਿੰਘ ਨੇ ਆਮ ਆਦਮੀ ਕਲੀਨਿਕਾਂ ਤੇ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਐੰਡ ਪ੍ਰੀਵੈਨਸ਼ਨ ਔਫ ਐਨਸੀਡੀ ਪਹਿਲੀ ਜੁਲਾਈ ਤੋਂ ਸ਼ੁਰੂ ਕੀਤੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਤਹਿਤ ਹਾਈਪਰਟੈਨਸ਼ਨ, ਡਾਇਬਟੀਜ਼ ਅਤੇ ਤਿੰਨ ਸਧਾਰਨ ਕੈੰਸਰ ਦੀ ਸਕਰੀਨਿੰਗ ਸ਼ਾਮਿਲ ਹੈ। ਉਹਨਾਂ ਓਰਲ ਕੈੰਸਰ ਦੀ ਸਕਰੀਨਿੰਗ ਅਤੇ ਪ੍ਰੋਸਟੇਟ ਕੈੰਸਰ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਓਰਲ ਕੈੰਸਰ ਦੀ ਸਕਰੀਨਿੰਗ ਸੰਬੰਧੀ ਸਾਰਾ ਲੋੜੀਦਾਂ ਸਮਾਨ ਜਰੂਰ ਹੋਵੇ। ਡਾ. ਸੰਦੀਪ ਕੁਮਾਰ ਡੁਮਾਣਾ ਵੱਲੋ ਓਰਲ ਕੈੰਸਰ ਦੇ ਕਾਰਣਾਂ, ਸਕਰੀਨਿੰਗ ਅਤੇ ਇਲਾਜ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਸਹਾਇਤਾ ਬਾਰੇ ਦੱਸਿਆ।
ਡਾ. ਰਾਜਵੰਤ ਕੌਰ ਨੇ ਬੱਚਿਆਂ ਵਿੱਚ ਦਰਮਿਆਨੇ ਅਤੇ ਗੰਭੀਰ ਕੁਪੋਸ਼ਣ ਦੇ ਕਾਰਣਾਂ, ਰੋਕਥਾਮ ਅਤੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 5 ਸਾਲ ਤੱਕ ਦੇ ਬੱਚਿਆਂ ਦੀਆਂ ਮੌਤਾਂ ਦਾ ਇੱਕ ਕਾਰਣ ਕੁਪੋਸ਼ਣ ਹੈ। ਇਸ ਲਈ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਮਾਪਿਆਂ ਦੀ ਕਾਊਂਸਲਿੰਗ ਬਹੁਤ ਜਰੂਰੀ ਹੈ ਤਾਂ ਜੋ ਉਹ ਸਹੀ ਸਮੇਂ ਤੇ ਸਹੀ ਪੋਸ਼ਕ ਖੁਰਾਕ ਆਪਣੇ ਬੱਚਿਆਂ ਨੂੰ ਦੇਣ। ਕੁਪੋਸ਼ਣ ਦੇ ਇਲਾਜ ਸੰਬੰਧੀ ਕੇਸ ਸਟੱਡੀਜ਼ ਵੀ ਡਿਸਕਸ ਕੀਤੀਆਂ ਗਈਆਂ। ਮੈਡੀਕਲ ਸਪੈਸ਼ਲਿਸਟ ਡਾ. ਮਨਪ੍ਰੀਤ ਸਿੰਘ ਨੇ ਹਾਈਪਰਟੈਨਸ਼ਨ ਅਤੇ ਡਾਇਬੀਟੀਜ ਦੇ ਲੱਛਣ ਅਤੇ ਇਲਾਜ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਮੌਕੇ ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Comments