ਖਾਲਸਾ ਕਾਲਜ ਮਾਹਿਲਪੁਰ ਵਿੱਚ ਚਲਦੇ ਇੰਟਰਪ੍ਰਾਇਨਸ਼ਿਪ ਸੈਂਟਰ ਦੇ ਬਾਨੀ ਡਾਕਟਰ ਰਘਵੀਰ ਸਿੰਘ ਬਾਸੀ ਦੇ ਚਲਾਣੇ 'ਤੇ ਸ਼ਰਧਾਂਜਲੀਆਂ ਭੇਟ


 ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚੱਲ ਰਹੇ ਬਾਬੂ ਜੀ ਹਰੀ ਸਿੰਘ ਬਾਸੀ ਇੰਟਰਪ੍ਰਾਇਨਸ਼ਿਪ ਸੈਂਟਰ ਦੇ ਬਾਨੀ ਡਾਕਟਰ ਰਘਵੀਰ ਸਿੰਘ ਬਾਸੀ ਦੇ ਪਿਛਲੇ ਦਿਨੀ ਅਮਰੀਕਾ ਵਿੱਚ ਹੋਏ ਅਕਾਲ ਚਲਾਣੇ ਉੱਤੇ ਅੱਜ ਕਾਲਜ ਕੈਂਪਸ ਵਿੱਚ ਚਲਦੇ ਇੰਟਰਪ੍ਰਾਇਨਸ਼ਿਪ ਸੈਂਟਰ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਜਿਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ, ਸੈਂਟਰ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਸਟਾਫ ਅਤੇ ਵਿਦਿਆਰਥੀਆਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਡਾਕਟਰ ਬਾਸੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । ਇਸ ਮੌਕੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਡਾ ਰਘਵੀਰ ਸਿੰਘ ਬਾਸੀ ਨੇ ਸਮਾਜ ਵਿੱਚ ਨੌਜਵਾਨਾਂ ਨੂੰ ਕਿੱਤਾ ਮੁਖੀ ਰੁਜ਼ਗਾਰ ਨਾਲ ਜੋੜਨ ਵਿੱਚ ਹੀ ਨਹੀਂ ਸਗੋਂ ਨੌਜਵਾਨਾਂ ਨੂੰ ਰੁਜ਼ਗਾਰ ਦਾਤਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਦੂਰਦਰਸ਼ੀ ਸੋਚ ਦੇ ਮਾਲਕ ਡਾ ਬਾਸੀ ਦੇ ਵਿੱਤੀ ਸਹਿਯੋਗ ਨਾਲ ਕਾਲਜ ਵਿੱਚ ਚੱਲ ਰਹੇ ਇੰਟਰਪ੍ਰਾਇਨਸ਼ਿਪ ਸੈਂਟਰ ਨੇ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀ ਹਾਵਰਡ ਯੂਨੀਵਰਸਟੀ ਅਤੇ ਕਾਰਨੈੱਲ ਯੂਨੀਵਰਸਿਟੀ ਤੋਂ ਉਚੇਰੀ ਪੜ੍ਹਾਈ ਹਾਸਲ ਕਰਨ ਵਾਲੇ ਡਾਕਟਰ ਬਾਸੀ ਨੇ ਨਿਊਯਾਰਕ ਅਤੇ ਕੈਂਟ ਸਟੇਟ ਯੂਨੀਵਰਸਿਟੀਆਂ ਵਿੱਚ ਅਧਿਆਪਨ ਦੀਆਂ ਸੇਵਾਵਾਂ ਦਿੱਤੀਆਂ ਅਤੇ ਵੱਖ ਵੱਖ ਦੇਸ਼ਾਂ ਵਿੱਚ ਆਰਥਿਕ ਸੁਧਾਰ ਲਈ ਉਚੇਰੇ ਅਹੁਦਿਆਂ ਉੱਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਬਾਬੂ ਜੀ ਹਰੀ ਸਿੰਘ ਬਾਸੀ ਇੰਟਰਪ੍ਰਾਇਨਸ਼ਿਪ ਸੈਂਟਰ ਖੋਲ੍ਹ ਕੇ ਉਨ੍ਹਾਂ ਨੇ ਵੱਡਾ ਕਾਰਜ ਕੀਤਾ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਦੀ ਪੂਰਤੀ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਵਾਤਾਵਰਨ ਚਿੰਤਕ ਵਿਜੇ ਬੰਬੇਲੀ ਨੇ ਡਾ ਬਾਸੀ ਨੂੰ ਧਰਮ ਨਿਰਪੱਖ ਵਿਚਾਰਾਂ ਵਾਲੀ ਸ਼ਖਸ਼ੀਅਤ ਦੱਸਿਆ ਅਤੇ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਕੇਂਦਰਤ ਕੋਰਸ ਕਰਵਾਉਣ ਦੇ ਉੱਦਮ ਦੀ ਸਲਾਘਾ ਕੀਤੀ । ਇਸ ਮੌਕੇ ਸੈਂਟਰ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਆਪਣੀ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਡਾ ਬਾਸੀ ਦੇ ਸੰਘਰਸ਼ਸ਼ੀਲ ਅਤੇ ਉੱਦਮੀ ਜੀਵਨ ਬਾਰੇ ਵੀ ਵਿਚਾਰ ਰੱਖੇ । ਇਸ ਮੌਕੇ ਸਾਹਿਤਕਾਰ ਧਰਮਪਾਲ ਸਾਹਿਲ, ਲੇਖਕ ਬਲਜਿੰਦਰ ਮਾਨ, ਡਾਕਟਰ ਜੇ ਬੀ ਸੇਖੋਂ, ਵਾਤਾਵਰਨ ਪ੍ਰੇਮੀ ਤੇ ਕਵੀ ਰੁਪਿੰਦਰਜੋਤ ਸਿੰਘ ਮਾਹਿਲਪੁਰੀ, ਲੇਖਕ ਜਗਜੀਤ ਸਿੰਘ ਗਣੇਸ਼ਪੁਰ ਭਾਰਟਾ, ਮੈਡਮ ਸੁਮਨ ਲਤਾ, ਮੈਡਮ ਜੈਸਮੀਨ ਕੌਰ ਸਮੇਤ ਵਿਦਿਆਰਥੀ ਹਾਜ਼ਰ ਸਨ।

Comments