ਰੈੱਡ ਕ੍ਰਾਸ ਤੇ ਹਾਰਟੇਕ ਫਾਊਂਡੇਸ਼ਨ ਵਿਚਾਲੇ ਏ.ਡੀ.ਏ.ਪੀ.ਟੀ ਰਿਸਰਚ ਫੈਲੋਸ਼ਿਪ ਸਬੰਧੀ ਸਮਝੌਤਾ ਸਹੀਬੱਧ -ਫੈਲੋਸ਼ਿਪ ਰਾਹੀਂ ਨੌਜਵਾਨਾਂ ਨੂੰ ‘ਕਮਾਓ ਤੇ ਸਿੱਖੋ’ ਦਾ ਮਿਲੇਗਾ ਮੌਕਾ : ਡੀ.ਸੀ ਆਸ਼ਿਕਾ ਜੈਨ -ਚੁਣੇ ਹੋਏ ਨੌਜਵਾਨਾਂ ਨੂੰ ਮਿਲੇਗਾ ਵਜ਼ੀਫਾ, ਪ੍ਰਸ਼ਾਸਨ ਦੇ ਵੱਖ-ਵੱਖ ਪ੍ਰੋਜੈਕਟਾਂ ਵਿਚ ਸ਼ਾਮਿਲ ਹੋਣ ਦਾ ਮਿਲੇਗਾ ਮੌਕਾ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਹੁਸ਼ਿਆਰਪੁਰ ਅਤੇ ਮੁਹਾਲੀ ਸਥਿਤ ਹਾਰਟੇਕ ਫਾਊਂਂਡੇਸ਼ਨ ਵਿਚਾਲੇ ਏ.ਡੀ.ਏ.ਪੀ.ਟੀ ਰਿਸਰਚ ਫੈਲੋਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਲਈ ਇਕ ਸਮਝੌਤਾ ਪੱਤਰ (ਐਮ.ਓ.ਯੂ) 'ਤੇ ਹਸਤਾਖ਼ਰ ਕੀਤੇ ਗਏ ਹਨ। ਇਹ ਪਹਿਲ ਹਾਰਟੇਕ ਫਾਊਂਂਡੇਸ਼ਨ ਵੱਲੋਂ ਕੀਤੀ ਜਾ ਰਹੀ ਹੈ, ਜੋ ਕਿ
ਹਾਰਟੇਕ ਗਰੁੱਪ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਇਕਾਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਫੈਲੋਸ਼ਿਪ ਤਹਿਤ, ਹਾਰਟੇਕ ਫਾਊਂਡੇਸ਼ਨ ਚੁਣੇ ਗਏ ਰਿਸਰਚ ਫੈਲੋਜ਼ ਨੂੰ ਵਿੱਤੀ ਸਹਾਇਤਾ (ਵਜ਼ੀਫ਼ਾ) ਪ੍ਰਦਾਨ ਕਰੇਗਾ, ਜੋ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੱਖ-ਵੱਖ ਖੋਜ ਅਤੇ ਵਿਸ਼ਲੇਸ਼ਣ ਪ੍ਰੋਜੈਕਟਾਂ 'ਤੇ ਮਿਲ ਕੇ ਕੰਮ ਕਰਨਗੇ। ਫੈਲੋਸ਼ਿਪ ਦਾ ਉਦੇਸ਼ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਵਿਸ਼ਲੇਸ਼ਣਾਤਮਕ, ਖੋਜ ਅਤੇ ਪ੍ਰਸ਼ਾਸਨਿਕ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ (ਆਈ.ਏ.ਐਸ) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜੋ ਰੈੱਡ ਕ੍ਰਾਸ ਅਤੇ ਹਾਰਟੇਕ ਫਾਊਂਡੇਸ਼ਨ ਨਾਲ ਤਾਲਮੇਲ ਕਰਨਗੇ।
ਫੈਲੋਸ਼ਿਪ ਲਈ ਚੋਣ ਪ੍ਰਕਿਰਿਆ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦੁਆਰਾ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਅਤੇ ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਰਾਹੀਂ ਕੀਤੀ ਜਾਵੇਗੀ। ਇਸ ਲਈ ਨਿਰਧਾਰਤ ਯੋਗਤਾ ਮਾਪਦੰਡਾਂ ਦੇ ਅਨੁਸਾਰ, ਬਿਨੈਕਾਰ ਭਾਰਤ ਵਿਚ ਰਹਿਣ ਵਾਲਾ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ। ਨਾਲ ਹੀ ਉਸ ਕੋਲ ਅਰਥ ਸ਼ਾਸਤਰ, ਅੰਕੜਾ, ਵਣਜ, ਗਣਿਤ (ਐਮ.ਏ/ਐਮ.ਐਸ.ਸੀ) ਜਾਂ ਕੰਪਿਊਟਰ ਸਾਇੰਸ (ਬੀ.ਟੈਕ/ਐਮ.ਟੈਕ) ਵਿਚ ਪੋਸਟ ਗ੍ਰੈਜੂਏਸ਼ਨ ਜਾਂ ਤਕਨੀਕੀ ਡਿਗਰੀ ਹੋਣੀ ਚਾਹੀਦੀ ਹੈ। ਡਾਟਾ ਵਿਸ਼ਲੇਸ਼ਣ ਅਤੇ ਨੀਤੀ ਖੋਜ ਵਿਚ ਤਜ਼ਰਬਾ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਨਾਲ ਹੀ, ਐਕਸਲ, ਸਟਾਟਾ, ਆਰ ਜਾਂ ਪਾਈਥਨ ਵਰਗੇ ਟੂਲਸ 'ਤੇ ਕੰਮ ਕਰਨ ਦੇ ਹੁਨਰ ਦੀ ਵੀ ਲੋੜ ਹੋਵੇਗੀ। ਚੋਣ ਦੇ ਸਮੇਂ ਬਿਨੈਕਾਰ ਕਿਸੇ ਹੋਰ ਫੈਲੋਸ਼ਿਪ ਦਾ ਲਾਭ ਲੈਂਦਾ ਨਹੀਂ ਹੋਣਾ ਚਾਹੀਦਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਫੈਲੋਸ਼ਿਪ ਘੱਟੋ-ਘੱਟ ਇਕ ਸਾਲ ਦੀ ਮਿਆਦ ਲਈ ਹੋਵੇਗੀ, ਜਿਸ ਨੂੰ ਪ੍ਰਦਰਸ਼ਨ ਦੇ ਆਧਾਰ 'ਤੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਇਸ ਪਹਿਲਕਦਮੀ ਨੂੰ ਨੌਜਵਾਨਾਂ ਲਈ ‘ਕਮਾਓ ਅਤੇ ਸਿੱਖੋ’ ਵੱਲ ਇਕ ਕਦਮ ਦੱਸਿਆ, ਜੋ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਵੱਖ-ਵੱਖ ਪ੍ਰੋਜੈਕਟਾਂ ਵਿਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਨੂੰ ਨੀਤੀਗਤ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੇ ਯੋਗ ਬਣਾਏਗਾ।
ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਮੰਗੇਸ਼ ਸੂਦ ਨੇ ਕਿਹਾ ਕਿ ਹਾਰਟੇਕ ਗਰੁੱਪ ਭਾਰਤ ਦੀਆਂ ਮੋਹਰੀ ਇੰਜੀਨੀਅਰਿੰਗ, ਖ਼ਰੀਦ ਅਤੇ ਨਿਰਮਾਣ ਕੰਪਨੀਆਂ ਵਿਚੋਂ ਇਕ ਹੈ, ਜਿਸ ਦਾ ਮੁੱਖ ਦਫਤਰ ਮੋਹਾਲੀ, ਪੰਜਾਬ ਵਿਚ ਹੈ। ਸੰਸਥਾ ਦਾ ਉਦੇਸ਼ ਸਮਾਜ ਦੇ ਪਿਛੜੇ ਵਰਗਾਂ ਨੂੰ ਸਸ਼ਕਤ ਬਣਾ ਕੇ ਟਿਕਾਊ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਹਾਰਟੇਕ ਫਾਊਂਡੇਸ਼ਨ ਦੀ ਸੀ.ਈ.ਓ ਹਰਕੀਰਤ ਕੌਰ, ਡੀ.ਡੀ.ਐਫ ਜ਼ੋਇਆ ਸਿੱਦੀਕੀ, ਰੈੱਡ ਕ੍ਰਾਸ ਸੁਸਾਇਟੀ ਦੇ ਸੰਯੁਕਤ ਸਕੱਤਰ ਆਦਿੱਤਿਆ ਰਾਣਾ ਅਤੇ ਹੋਰ ਅਧਿਕਾਰੀ ਮੌਜੂਦ ਸਨ।
Comments
Post a Comment