"ਸਾਈਬਰ ਅਪਰਾਧ ਕਿਸੇ ਵੀ ਦਰਵਾਜ਼ੇ 'ਤੇ ਦਸਤਕ ਦੇ ਸਕਦਾ ਹੈ – ਸਾਵਧਾਨ ਰਹੋ!" ਹੁਸ਼ਿਆਰਪੁਰ ਦੇ ਮਸ਼ਹੂਰ ਵਕੀਲ ਅਸ਼ਵਨੀ ਵਰਮਾ ਵੱਲੋਂ ਸਾਈਬਰ ਕ੍ਰਾਈਮ ’ਚ ਵਾਧੇ ਉੱਤੇ ਚਿੰਤਾ ਜਤਾਈ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਖ਼ਾਸ ਗੱਲਬਾਤ ਦੌਰਾਨ ਹੋਸ਼ਿਆਰਪੁਰ ਦੇ ਮਸ਼ਹੂਰ ਵਕੀਲ ਅਸ਼ਵਨੀ ਵਰਮਾ ਨੇ ਆਮ ਜਨਤਾ ਨੂੰ ਸਾਈਬਰ ਕ੍ਰਾਈਮ ਦੀ ਵੱਧ ਰਹੀ ਲਹਿਰ ਤੋਂ ਚੌਕਸ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਹਰ ਆਦਮੀ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਡਿਜੀਟਲ ਸਾਵਧਾਨੀ ਵਰਤਣੀ ਲਾਜ਼ਮੀ ਹੋ ਗਈ ਹੈ।
ਅਸ਼ਵਨੀ ਵਰਮਾ ਨੇ ਕਿਹਾ, “ਹੁਣ ਸਾਈਬਰ ਗੁਨਾਹ ਸਿਰਫ਼ ਔਨਲਾਈਨ ਧੋਖਾਧੜੀ ਤੱਕ ਸੀਮਤ ਨਹੀਂ ਰਹਿ ਗਏ। ਆਈ.ਡੀ. ਚੋਰੀ, ਡਾਟਾ ਲੀਕ, ਫ਼ਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਫ਼ਿਸ਼ਿੰਗ ਵਰਗੇ ਨਵੇਂ ਢੰਗ ਦੇ ਜੁਰਮ ਆਮ ਹੋ ਰਹੇ ਨੇ।”
ਉਨ੍ਹਾਂ ਨੇ ਪੁਲਿਸ ਅਤੇ ਸਾਈਬਰ ਸੈੱਲ ਨੂੰ ਟੈਕਨੋਲੋਜੀ ਦੇ ਨਵੇਂ ਰੁਝਾਨਾਂ ਦੀ ਤਾਲੀਮ ਦੇਣ ਅਤੇ ਉਨ੍ਹਾਂ ਨੂੰ ਖਾਸ ਤੌਰ 'ਤੇ ਟ੍ਰੇਨਿੰਗ ਦੇਣ ਦੀ ਲੋੜ ਉਤੇ ਜ਼ੋਰ ਦਿਤਾ। “ਜੇ ਸੁਰੱਖਿਆ ਏਜੰਸੀਆਂ ਕੋਲ ਨਵੀਨਤਮ ਜਾਣਕਾਰੀ ਅਤੇ ਸਾਧਨ ਨਹੀਂ ਹੋਣਗੇ, ਤਾਂ ਅਜਿਹੇ ਕੇਸਾਂ ਦੀ ਜਾਂਚ ਮੁਸ਼ਕਲ ਹੋ ਜਾਵੇਗੀ,” ਉਨ੍ਹਾਂ ਨੇ ਕਿਹਾ।
ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵਿਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ ਜ਼ਰੂਰੀ ਹਨ ਤਾਂ ਜੋ ਹਰ ਵਰਗ ਦੇ ਲੋਕ ਸਾਈਬਰ ਸੁਰੱਖਿਆ ਬਾਰੇ ਜਾਣੂ ਹੋ ਸਕਣ। “ਜਾਣਕਾਰੀ ਹੀ ਸਭ ਤੋਂ ਵੱਡਾ ਹਥਿਆਰ ਹੈ। ਜੇ ਲੋਕ ਚੌਕਸੀ ਨਾਲ ਡਿਜੀਟਲ ਪਲੇਟਫਾਰਮ ਵਰਤਣ, ਤਾਂ ਠੱਗੀ ਤੋਂ ਬਚਣਾ ਆਸਾਨ ਹੈ,” ਉਨ੍ਹਾਂ ਨੇ ਕਿਹਾ।
ਸਾਈਬਰ ਅਪਰਾਧਾਂ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦੇ ਵਿਚਕਾਰ, ਅਡਵੋਕੇਟ ਅਸ਼ਵਨੀ ਵਰਮਾ ਦੀ ਇਹ ਚੇਤਾਵਨੀ ਸਮੇਂ ਦੀ ਮੰਗ ਅਤੇ ਆਮ ਲੋਕਾਂ ਲਈ ਇਕ ਵਧੀਆ ਸੁਨੇਹਾ ਹੈ, ਜੋ ਡਿਜੀਟਲ ਸੁਰੱਖਿਆ ਪ੍ਰਤੀ ਸੂਚੇਤਤਾ ਵਧਾਉਣ ਦੀ ਲੋੜ ਨੂੰ ਉਜਾਗਰ ਕਰਦੀ ਹੈ।

Comments