ਲੱਖਪੁਰ ਵਿਖੇ ਲਗਾਇਆ ਗਿਆ ਛੇਵਾਂ ਮੁਫਤ ਮੈਡੀਕਲ ਚੈਕਅਪ ਕੈਂਪ


 ਕਪੂਰਥਲਾ/ਫਗਵਾੜਾ/ਦਲਜੀਤ ਅਜਨੋਹਾ 
ਪਿੰਡ ਲੱਖਪੁਰ ਦੇ ਪ੍ਰਸਿਧ ਧਾਰਮਿਕ ਅਸਥਾਨ ਕੁਟੀਆ ਭਗਤ ਜਵਾਲਾ ਦਾਸ ਜੀ ਵਿਖੇ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਵਲੋਂ ਚਲਾਈ ਜਾ ਰਹੀ ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ ਵਲੋਂ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੁਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛੇਵਾਂ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਲੱਖਪੁਰ ਨੇ ਦੱਸਿਆ ਕਿ ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ ਵਲੋਂ ਜੋ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਵਲੋਂ ਕੀਤਾ ਜਾ ਰਿਹਾ ਉਪਰਾਲਾ ਬਹੁਤ ਸਲਾਹੁਣਯੋਗ ਹੈ।ਅੱਜ ਦੇ ਸਮੇਂ ਵਿੱਚ ਲੋੜਵੰਦ ਗਰੀਬਾਂ ਨੂੰ ਦੂਰ ਦਰਾੜੇ ਪਿੰਡਾਂ ਵਿੱਚ ਜਾ ਕੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਨੀਆਂ ਜਿੱਥੇ ਮੈਡੀਕਲ ਸਹੂਲਤਾਂ ਨਾ ਮਾਤਰ ਹਨ ਉੱਥੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਾਉਣਾ ਬਹੁਤ ਵਧੀਆ ਉਪਰਾਲਾ ਹੈ।ਇਸ ਮੌਕੇ ਉਹਨਾਂ  ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ ਅਤੇ ਸੰਸਥਾ ਦੇ ਮੁੱਖੀ ਉੱਘੇ ਸਮਾਜ ਸੇਵੀ ਕਿਰਪਾਲ ਸਿੰਘ ਮਾਇਓਪੱਟੀ ਦਾ ਦਿਲੋਂ ਧੰਨਵਾਦ ਕਰਦਿਆਂ ਇਸ ਤਰ੍ਹਾਂ ਉਪਰਾਲੇ ਲਗਾਤਾਰ ਕਰਦੇ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਵਲੋਂ ਕਿਰਪਾਲ ਸਿੰਘ ਮਾਇਓਪੱਟੀ ਅਤੇ ਅਵਤਾਰ ਸਿੰਘ ਭੋਗਲ  ਨੇ ਭਗਤ ਜਵਾਲਾ ਦਾਸ ਜੀ ਕੁਟੀਆ ਦੀ ਪ੍ਰਬੰਧਕ ਕਮੇਟੀ  ਅਤੇ ਸਮੁਹ ਨਗਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ ਵਿਖੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਮਰੀਜ਼ਾਂ ਨੂੰ 10 ਰੁਪਏ ਦੀ ਪਰਚੀ ਤੇ ਦੋ ਦਿਨ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ।ਉਹਨਾਂ ਇਲਾਕੇ ਦੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੇ ਸੁਚੱਜੇ ਪ੍ਰਬੰਧ ਵਿੱਚ ਇਲਾਕਾ ਵਾਸੀ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ।ਇਸ ਮੌਕੇ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਲੱਖਪੁਰ,ਪ੍ਰਬੰਧਕ ਸੰਤੋਖ ਸਿੰਘ ਲੱਖ ਪੁਰ,ਪ੍ਰਧਾਨ ਰੇਸ਼ਮ ਸਿੰਘ, ਸੰਸਥਾ ਮੁੱਖੀ ਕਿਰਪਾਲ ਸਿੰਘ ਮਾਇਓਪੱਟੀ,ਅਵਤਾਰ ਸਿੰਘ ਭੋਗਲ ਨਰੂੜ, ਡਾਕਟਰ ਸਤਨਾਮ ਸਿੰਘ , ਸੁਰਿੰਦਰ ਸਿੰਘ ਲੱਖਪੁਰ, ਨੱਛਤਰ ਸਿੰਘ ਲੱਖਪੁਰ, ਅਜੀਤ ਸਿੰਘ ਲੱਖਪੁਰ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ ।

Comments